ਚੌਂਕੀਮਾਨ, 14 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਯੋਗ ਰਹਿਨੁਮਾਈ ਅਧੀਨ ਸਿੱਧਵਾਂ ਵਿੱਦਿਅਕ ਸੰਸਥਾਵਾਂ ਵਲੋਂ ਆਪਣਾ 66ਵਾਂ ਸਾਲਾਨਾ ਖੇਡ ਮੇਲਾ ਸਫ਼ਲਤਾਪੂਰਵਕ ਆਯੋਜਿਤ ਕਰਵਾਇਆ ਗਿਆ | ਖੇਡ ਮੇਲੇ ਵਿਚ ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ ਡਾਇਰੈਕਟਰ ਸਪੋਟਰਸ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਅਤੇ ਡਾ. ਰਾਕੇਸ਼ ਮਲਿਕ ਡਾਇਰੈਕਟੋਰੇਟ ਆਫ ਸਪੋਰਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਟਰੱਸਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ, ਮੈਨੇਜਰ ਡਾ. ਗੁਰਿੰਦਰ ਸਿੰਘ ਗਰੇਵਾਲ, ਸੀਨੀਅਰ ਮੈਬਰ ਹਰਮੇਲ ਸਿੰਘ ਸਿੱਧੂ ਤੇ ਜਰਨੈਲ ਸਿੰਘ ਢਿੱਲੋਂ ਨੇ ਮਹਿਮਾਨਾਂ ਨੂੰ ਫੁੱਲੇ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ | ਇਸ ਮੌਕੇ ਮੈਨੇਜਰ ਡਾ. ਗੁਰਿੰਦਰ ਸਿੰਘ ਗਰੇਵਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਮੁੱਖ ਮਹਿਮਾਨ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਵਿਸ਼ੇਸ਼ ਮਹਿਮਾਨ, ਇਲਾਕੇ ਸਰਪੰਚਾਂ ਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ | ਟਰੱਸਟ ਦੇ ਮੈਂਬਰ ਜਰਨੈਲ ਸਿੰਘ ਢਿੱਲੋਂ ਨੇ ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਪੂਜ਼ਨੀਕ ਬਾਨੀਆਂ ਅਤੇ ਸੰਸਥਾਵਾਂ ਦੇ ਮਾਣਮੱਤੇ ਇਤਿਹਾਸ ਬਾਰੇ ਜਾਣੂੰ ਕਰਵਾਇਆ | ਸਮਾਗਮ ਦੇ ਆਰੰਭ ਵਿਚ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਸੂਦਨ ਵਲੋਂ ਨਿਭਾਈ ਗਈ ਅਤੇ ਸਿੱਧਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਅਤੇ ਗੁਬਾਰੇ ਉਡਾ ਕੇ ਸਮਾਗਮ ਦਾ ਆਗਾਜ਼ ਕੀਤਾ ਗਿਆ | ਸਮੂਹ ਸੰਸਥਾਵਾਂ ਦੇ ਪ੍ਰਤੀਨਿਧ ਵਿਦਿਆਰਥੀਆਂ ਵਲੋਂ ਖ਼ਾਲਸਾ ਕਾਲਜ ਫਾਰ ਵਿਮੈਨ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਮੁਸਕਾਨ ਗਿੱਲ ਨੇ ਖੇਡ ਸਟੇਡੀਅਮ ਵਿਚ ਮਿਸਾਲ ਜਗਾਉਣ ਦੀ ਰਸਮ ਅਦਾ ਕੀਤੀ | ਇਸ ਉਪਰੰਤ ਸਮੂਹ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿਚ ਹਿੱਸਾ ਲਿਆ | ਇਨ੍ਹਾਂ ਖੇਡ ਗਤੀਵਿਧੀਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਲੋਂ ਇਨਾਮ ਤਕਸੀਮ ਕੀਤੇ ਗਏ, ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਯੋਗਾ ਅਤੇ ਪੀਟੀ ਸ਼ੋਅ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਭਾਗੀਦਾਰਾਂ ਦੀ ਖੇਡ ਭਾਵਨਾ, ਸਮਰਪਣ ਅਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸਿੱਧਵਾਂ ਸੰਸਥਾਵਾਂ ਨੂੰ ਖੇਡ ਵਿੰਗ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਅਖਾੜਾ ਗੌਂਸਪੁਰ ਵਲੋਂ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਖੇਡ ਮੇਲੇ ਦੌਰਾਨ ਖ਼ਾਲਸਾ ਕਾਲਜ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਬੀ.ਏ. ਭਾਗ ਪਹਿਲਾ ਬੈਸਟ ਐਥਲੀਟ, ਜੀ.ਐੱਚ.ਜੀ ਹਰਿਪ੍ਰਕਾਸ ਕਾਲਜ ਆਫ ਐਜੂਕੇਸਨ ਫਾਰ ਵਿਮੈਨ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਬੈਸਟ ਐਥਲੀਟ, ਜੀ.ਐੱਚ.ਜੀ ਇੰਸਟੀਚਿਊਟ ਆਫ ਲਾਅ ਦੀ ਪ੍ਰੇਰਨਾ ਖੋਸਲਾ ਤੇ ਕੇਸਵ ਨੂੰ ਸਰਵੋਮਤ ਐਥਲੀਟ ਅਤੇ ਜੀ.ਐੱਚ.ਜੀ ਇੰਸਟੀਚਿਊਟ ਆਫ ਫਾਰਮੇਸੀ ਦੇ ਏਕਮਪ੍ਰੀਤ ਸਿੰਘ ਨੂੰ ਬੈਸਟ ਐਥਲੀਟ ਐਲਾਨਿਆ ਗਿਆ | ਇਸ ਮੌਕੇ ਮੈਡਮ ਦਲਜੀਤ ਕੌਰ ਪਿ੍ੰਸੀਪਲ ਸਿੱਖ ਗਰਲਜ ਸੀਨੀਅਰ ਸੈਕੰਡਰੀ ਸਕੂਲ, ਡਾ. ਸਤਿੰਦਰ ਕੌਰ ਪਿ੍ੰਸੀਪਲ ਖ਼ਾਲਸਾ ਕਾਲਜ ਫਾਰ ਵਿਮੈਨ, ਡਾ. ਅਮਨਦੀਪ ਕੌਰ ਪਿ੍ੰਸੀਪਲ ਜੀ.ਐੱਚ.ਜੀ ਹਰਿਪ੍ਰਕਾਸ ਕਾਲਜ ਆਫ ਐਜੂਕੇਸਨ ਫਾਰ ਵਿਮੈਨ, ਮੈਡਮ ਸੰਦੀਪ ਕੌਰ ਪਿ੍ੰਸੀਪਲ ਜੀ.ਐੱਚ.ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ. ਸਵੇਤਾ ਢੰਡ ਪਿ੍ੰਸੀਪਲ ਜੀ.ਐੱਚ.ਜੀ ਇੰਸਟੀਚਿਊਟ ਆਫ ਲਾਅ ਤੇ ਡਾ. ਜੀ.ਪਵਨ ਕੁਮਾਰ ਪਿ੍ੰਸੀਪਲ ਜੀ.ਐੱਚ.ਜੀ ਇੰਸਟੀਚਿਊਟ ਆਫ ਫਾਰਮੇਸੀ ਨੇ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਆਏ ਮਹਿਮਾਨਾਂ ਦਾ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਕੀਤਾ ਗਿਆ |