ਰਾਏਕੋਟ, 19 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਖ਼ਾਦ, ਕੀਟ-ਨਾਸ਼ਕ ਤੇ ਬੀਜ਼ ਵਿਕ੍ਰੇਤਾਵਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵਿਚਕਾਰ ਵਿਵਾਦ ਪੈਦਾ ਹੋਣ ਕਾਰਨ ਰਾਏਕੋਟ ਦੇ ਖਾਦ ਡੀਲਰਾਂ ਵੱਲੋਂ 5 ਦਿਨਾਂ ਤੋਂ ਕਾਰੋਬਾਰ ਠੱਪ ਰੱਖੇ ਹੋਏ ਸਨ, ਜਦਕਿ ਛੇਵੇਂ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਖਾਦ ਡੀਲਰਾਂ ਨੂੰ ਭਰੋਸਾ ਦਿੱਤੇ ਜਾਣ ਬਾਅਦ ਅੱਜ ਉਨ੍ਹਾਂ ਵਲੋਂ ਆਪਣੇ ਕਾਰੋਬਾਰ ਖੋਲ੍ਹੇ ਗਏ | ਇਸ ਮੌਕੇ ਖਾਦ, ਕੀਟਨਾਸ਼ਕ ਤੇ ਬੀਜ ਵਿਕ੍ਰੇਤਾਵਾਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਵਿਜੇ ਕੁਮਾਰ ਖੁਰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਦਫ਼ਤਰ ਵਿੱਚ ਤਾਇਨਾਤ ਏ.ਡੀ.ਓ (ਪੀ.ਪੀ) ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਸਮੇਤ ਰਾਏਕੋਟ ਦੇ ਵਿਧਾਇਕ ਵੱਲੋਂ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਆਪੋ-ਆਪਣੇ ਕਾਰੋਬਾਰਾਂ ਨੂੰ ਆਮ ਦਿਨਾਂ ਵਾਂਗ ਖੋਲ੍ਹਣ ਅਤੇ ਉਨ੍ਹਾਂ ਦੀ ਜਾਇਜ਼ ਮੰਗ ਦਾ 1-2 ਦਿਨਾਂ ਵਿੱਚ ਨਿਪਟਾਰਾ ਹੋ ਜਾਵੇਗਾ | ਜਿਸ ਦੇ ਬਾਅਦ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਮੈਸਰਜ਼ ਹਰੀ ਸਿੰਘ ਐਂਡ ਸੰਨਜ਼ ਦੀ ਦੁਕਾਨ 'ਤੇ ਪੁੱਜ ਕੇ ਦੁਕਾਨਾਂ ਦੇ ਤਾਲ੍ਹੇ ਖੁੱਲਵਾਏ ਗਏ | ਜ਼ਿਕਰਯੋਗ ਹੈ ਕਿ ਪਿਛਲੇ 5 ਦਿਨਾਂ ਤੋਂ ਖਾਦ, ਕੀਟਨਾਸ਼ਕ ਤੇ ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਕਿਸਾਨਾਂ ਵਿਚ ਮਾਯੂਸੀ ਪਾਈ ਜਾ ਰਹੀ ਸੀ ਕਿਉਂਕਿ ਆਲੂਆਂ ਦੀ ਪੁਟਾਈ ਦੇ ਨਾਲ-ਨਾਲ ਕਿਸਾਨਾਂ ਵੱਲੋਂ ਮੂੰਗੀ ਤੇ ਮੱਕੀ ਦੀ ਬਿਜਾਈ ਸ਼ੁਰੂ ਕੀਤੀ ਹੋਈ ਹੈ | ਜਿਸ ਕਰਕੇ ਕਿਸਾਨਾਂ ਨੂੰ ਬੀਜ ਦੀ ਵੱਡੀ ਪੱਧਰ 'ਤੇ ਲੋੜ ਸਮੇਤ ਕਣਕ ਦੀ ਫ਼ਸਲ 'ਤੇ ਤੇਲੇ ਦੀ ਮਾਰ ਨੂੰ ਰੋਕਣ ਲਈ ਸਪਰੇਅ ਦੀ ਲੋੜ ਹੈ, ਜਿਸ ਕਰਕੇ ਕਿਸਾਨਾਂ ਨੇ ਹੜਤਾਲ ਖੁੱਲ੍ਹਣ 'ਤੇ ਸੁੱਖ ਦਾ ਸਾਹ ਲਿਆ | ਇਸ ਮੌਕੇ ਵਿੱਕੀ ਕੌੜਾ, ਦਵਿੰਦਰ ਸਿੰਘ ਨੱਤ, ਹਰਭਜਨ ਸਿੰਘ ਗਰੇਵਾਲ, ਸੰਜੀਵ ਕੁਮਾਰ, ਡੋਗਰ ਬਾਂਸਲ, ਭੂਸ਼ਣ ਕੁਮਾਰ ਆਦਿ ਖਾਦ ਡੀਲਰ ਹਾਜ਼ਰ ਸਨ |