ਜਗਰਾਉਂ, 27 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਗੁਰਦੁਆਰਾ 'ਪ੍ਰਭ ਮਿਲਣੈ ਕਾ ਚਾਓ' ਗੁਰੂਸਰ ਕਾਂਉਕੇ ਵਿਖੇ ਸਾਲਾਨਾ 6 ਦਿਨਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਸਪੇਨ, ਅਸਟਰੀਆ ਅਤੇ ਹੋਰ ਵੀ ਦੇਸ਼ਾਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਭਾਈ ਸੇਵਾ ਸਿੰਘ ਤਰਮਾਲਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਾਚ ਅਤੇ ਸਿਮਰਨ ਦੇ ਸ਼ੁਰੂ ਕੀਤੇ ਪ੍ਰਚਾਰ ਨੂੰ ਅੱਗੇ ਤੋਰਦਿਆਂ ਭਾਈ ਧਰਮਜੀਤ ਸਿੰਘ ਦੀ ਅਗਵਾਈ 'ਚ ਸਮਾਗਮ ਕਰਵਾਏੇ | ਇਸ ਮੌਕੇ ਭਾਈ ਧਰਮਜੀਤ ਸਿੰਘ ਨੇ ਕਿਹਾ ਕਿ ਸਮਾਗਮਾਂ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰਬਾਣੀ ਅਤੇ ਸਿਮਰਨ ਨਾਲ ਜੋੜਨਾ ਹੈ, ਤਾਂ ਜੋ ਸੰਗਤਾਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਆਪਣਾ ਜੀਵਨ ਸਫ਼ਲਾ ਕਰ ਸਕਣ | ਉਨ੍ਹਾਂ ਦੱਸਿਆ ਕਿ ਇੰਨ੍ਹਾਂ ਛੇ ਦਿਨਾਂ ਸਮਾਗਮਾਂ 'ਚ ਪਹਿਲੇ ਦਿਨ ਸਿਮਰਨ ਅਭਿਆਸ ਸ਼ੁਰੂ ਹੋ ਜਾਂਦਾ ਹੈ, ਦੂਸਰੇ ਅਤੇ ਤੀਸਰੇ ਦਿਨ ਗੁਰਮੰਤਰ ਦਿ੍ੜ ਕਰਵਾਇਆ ਜਾਂਦਾ ਹੈ ਅਤੇ ਸੰਗਤਾਂ ਨੂੰ ਅੰਮਿ੍ਤ ਦੀ ਪਾਹੁਲ ਛਕਣ ਵਾਸਤੇ ਤਿਆਰ ਕੀਤਾ ਜਾਂਦਾ ਹੈ | ਇਸੇ ਤਰ੍ਹਾਂ ਚੌਥੇ ਦਿਨ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 80 ਪ੍ਰਾਣੀਆਂ ਨੇ ਅੰਮਿ੍ਤ ਛਕਿਆ | ਪੰਜਵੇਂ ਦਿਨ ਕਥਾ ਦਾ ਨਿਰਵਾਹ ਚੱਲਿਆ | ਇਸੇ ਤਰ੍ਹਾਂ ਸਮਾਗਮਾਂ ਦੇ ਆਖਰੀ ਦਿਨ ਸਾਰੀਆਂ ਸੰਗਤਾਂ ਨੇ ਕੇਸਰੀ ਬਾਣਿਆਂ ਵਿਚ ਸਜ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨੌਲਾ ਅਤੇ ਹੈੱਡ ਗ੍ਰੰਥੀ ਜੀ ਵਲੋਂ ਭਾਈ ਧਰਮਜੀਤ ਸਿੰਘ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇੰਨ੍ਹਾਂ ਸਮਾਗਮਾਂ ਦੌਰਾਨ ਇੰਗਲੈਂਡ ਦੇ ਇਕ ਗੋਰੇ ਸਿੰਘ ਅਤੇ ਗੋਰੀ ਬੀਬੀ, ਜਿੰਨ੍ਹਾਂ ਨੇ ਇਸ ਵਾਰ ਇੱਥੇ ਅੰਮਿ੍ਤ ਵੀ ਛਕਿਆ ਅਤੇ ਗੁਰਮਤਿ ਅਨੁਸਾਰ ਅਨੰਦ ਕਾਰਜ ਵੀ ਕੀਤੇ ਗਏ | ਇਸ ਮੌਕੇ ਭਾਈ ਜਗਤਾਰ ਸਿੰਘ, ਭਾਈ ਨਿਰਮਲ ਸਿੰਘ ਫੌਜੀ, ਭਾਈ ਜੈਦੀਪ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਰਮਨਜੀਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਅਮਰੀਕ ਸਿੰਘ ਸਮਰਾਲਾ, ਭਾਈ ਹਰੀ ਸਿੰਘ ਨੈਸਲੇ, ਭਾਈ ਰਣਯੋਧ ਸਿੰਘ, ਭਾਈ ਗੁਰਨਾਮ ਸਿੰਘ ਬਿੱਕੀ ਆਦਿ ਹਾਜ਼ਰ ਸਨ |