ਸਿੱਧਵਾਂ ਬੇਟ, 28 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਫਤਿਹਗੜ੍ਹ ਸਿਵੀਆਂ ਦੇ ਅਕਾਲੀ ਆਗੂ ਪ੍ਰਵਾਸੀ ਵੀਰ ਭੁਪਿੰਦਰ ਸਿੰਘ ਭਿੰਦਾ ਨੇ ਹਲਕੇ ਦੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੀ ਪ੍ਰੇਰਨਾਂ 'ਤੇ ਸਿੱਖ ਸਟੂਡੈਂਟਸ ਐਸੋ. ਕੈਲੇਫੋਰਨੀਆਂ ਦੇ ਸਹਿਯੋਗ ਨਾਲ ਦਰਿਆ ਸਤਲੁਜ ਲਾਗਲੇ ਪਿੰਡ ਕੰਨੀਆਂ ਹੁਸੈਨੀ ਤੋਂ ਕਰੀਬ 4 ਮੀਲ ਦੂਰੋਂ ਪੈਦਲ ਚੱਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਵਿਚ ਪੜ੍ਹਣ ਆਉਂਦੀਆਂ ਬੱਚੀਆਂ ਨੂੰ 10 ਸਾਈਕਲ ਭੇਟ ਕਰਕੇ ਬੱਚੀਆਂ ਦੇ ਮਾਪਿਆਂ ਨੂੰ ਕਾਫੀ ਰਾਹਤ ਦਿੱਤੀ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਨੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਭਿੰਦਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸਰਾਹਨਾ ਕਰਦੇ ਹੋਏ ਆਖਿਆ ਕਿ ਅੱਜ ਦੇ ਮਹਿੰਗਾਈ ਭਰੇ ਯੁੱਗ ਵਿਚ ਅਜਿਹੇ ਸਮਾਜਸੇਵੀ ਲੋਕ ਅਤੇ ਸੰਸਥਾਵਾਂ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਉਨ੍ਹਾਂ ਦੀ ਜੋ ਸਹਾਇਤਾ ਕਰਦੇ ਹਨ ਉਸ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਵੀ ਸੰਸਥਾ ਅਤੇ ਪ੍ਰਵਾਸੀ ਵੀਰ ਭਿੰਦਾ ਸਿਵੀਆਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਇੰਨ੍ਹਾਂ ਨੇ ਕੁਝ ਦਿਨ ਪਹਿਲਾਂ ਸਾਡੇ ਸਕੂਲ ਵਿਚ ਆ ਕੇ ਦੱਸਿਆ ਸੀ ਕਿ ਸਾਡੀ ਸੰਸਥਾ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਕੁਝ ਮਦਦ ਕਰਨਾ ਚਾਹੁੰਦੀ ਹੈ ਤਾਂ ਮੈਂ ਉਸੇ ਸਮੇਂ ਪਿੰਡ ਕੰਨੀਆਂ ਖੁਰਦ ਦੇ ਔਖੇ ਰਾਹ ਵਿਚ ਪੈਦਲ ਚੱਲ ਕੇ ਪੜ੍ਹਣ ਆਉਂਦੀਆਂ ਬੱਚੀਆਂ ਲਈ ਸਾਈਕਲ ਦੇਣ ਦੀ ਜੋ ਮੰਗ ਕੀਤੀ ਸੀ ਉਸ ਨੂੰ ਅੱਜ ਇੰਨ੍ਹਾਂ ਨੇ ਪੂਰਿਆਂ ਕਰ ਦਿੱਤਾ ਹੈ | ਪਿ੍ੰਸੀਪਲ ਨੇ ਹੋਰ ਸਮਾਜਸੇਵੀ ਲੋਕਾਂ ਅਤੇ ਸੰਸਥਾਵਾਂ ਨੂੰ ਲੋੜਵੰਦਾਂ ਦੀ ਮਦਦ ਲਈ ਅਜਿਹੇ ਕਾਰਜ ਕਰਦੇ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਤਰਨਜੀਤ ਕਲੇਰ ਅਤੇ ਸਾਬਕਾ ਸਰਪੰਚ ਏਕਮ ਸਿੰਘ ਨੇ ਵੀ ਬੱਚੀਆਂ ਨੂੰ ਸਾਈਕਲ ਭੇਟ ਕਰਨ 'ਤੇ ਭੁਪਿੰਦਰ ਸਿੰਘ ਭਿੰਦਾ ਦਾ ਧੰਨਵਾਦ ਕੀਤਾ |