ਚੌਂਕੀਮਾਨ, 28 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਰਹਿਨੁਮਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਡਿਵੈਲਪਮੈਂਟ ਕੌਂਸਲ ਚੰਡੀਗੜ੍ਹ ਦੁਆਰਾ ਸਪਾਂਸਰ 'ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ' ਸਾਇੰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਾਂਝੇ ਯਤਨਾਂ ਸਦਕਾ 'ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਨੇਬਲਡ ਕੁਅਨਟਮ ਸਿਸਟਮਜ਼: ਫਿਊਚਰ ਪ੍ਰਾਸਪੈਕਟਿਵਜ਼' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ | ਇਹ ਸੈਮੀਨਾਰ 'ਨੈਸ਼ਨਲ ਸਾਇੰਸ ਡੇ' ਨੂੰ ਸਮਰਪਿਤ ਸੀ | ਇਸ ਸੈਮੀਨਾਰ ਵਿਚ ਪ੍ਰੋ. ਰਵੀ ਇੰਦਰ ਸਿੰਘ ਡੀਨ ਸੀ.ਡੀ.ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ: ਰਵਿੰਦਰ ਸਿੰਘ ਮੁਖੀ ਡਿਜ਼ੀਟਲ ਸਿਸਟਮ ਟੀਮ, ਗਵਰਨਮੈਂਟ ਡਿਜ਼ੀਟਲ ਡਾਟਾ ਫੰਗਸ਼ਨ, ਯੂ.ਕੇ. ਸਿਵਲ ਸਰਵਸਿਜ਼ ਉਚੇਚੇ ਤੌਰ 'ਤੇ ਪਹੁੰਚੇ | ਸੈਮੀਨਾਰ ਦੇ ਕੀ-ਨੋਟ ਸਪੀਕਰ ਡਾ. ਵਿਨੋਦ ਕਰਾਰ, ਮੁੱਖ-ਸਾਇੰਸਦਾਨ ਅਤੇ ਪ੍ਰੋਫ਼ੈਸਰ, ਸੀ.ਐੱਸ.ਆਈ ਆਰ-ਸੀ. ਆਰ.ਆਰ.ਆਈ ਨਵੀਂ ਦਿੱਲੀ ਸਨ | ਸੈਮੀਨਾਰ ਵਿਚ ਪਹੁੰਚੇ ਉੱਘੇ ਵਿਦਵਾਨਾਂ ਵਿਚ ਡਾ. ਮਿਹਰ ਸਿੰਘ ਸਿੱਧੂ ਸਾਇੰਸਦਾਨ ਨੈਨੋਟੈਕਨੌਲੋਜੀ ਡਾਇਰੈਕਟੋਰੇਟ ਆਫ਼ ਰਿਸਰਚ ਪੀ.ਏ.ਯੂ. ਲੁਧਿਆਣਾ, ਡਾ. ਮਹਿੰਦਰ ਕੌਰ ਗਰੇਵਾਲ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਅਤੇ ਪਿ੍ੰਸੀਪਲ ਡਾ. ਸੰਦੀਪ ਕਟਾਰੀਆ ਗੁਰੂ ਤੇਗ ਬਹਾਦਰ ਕਾਲਜ ਦਾਖਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੈਨੇਜਮੈਂਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ, ਮੈਨੇਜਰ, ਡਾ. ਜੀ.ਐੱਸ. ਗਰੇਵਾਲ, ਮੈਂਬਰ ਜਰਨੈਲ ਸਿੰਘ ਢਿੱਲੋਂ ਅਤੇ ਹਰਮੇਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਉੱਘੇ ਵਿਦਵਾਨਾਂ ਨੂੰ ਸੈਪਲਿੰਗ ਭੇਟ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਨੇ 'ਦੇਹਿ ਸ਼ਿਵਾ ਬਰ ਮੋਹਿ ਇਹੈ' ਸ਼ਬਦ ਗਾਇਨ ਕੀਤਾ | ਸਮੂਹ ਵਿਦਵਾਨਾਂ ਦੁਆਰਾ ਸਾਂਝੇ ਰੂਪ ਵਿਚ ਸਮਾਂ ਰੌਸ਼ਨ ਕੀਤੀ ਗਈ | ਟਰੱਸਟ ਮੈਂਬਰ ਜਰਨੈਲ ਸਿੰਘ ਢਿੱਲੋਂ ਨੇ ਸਮੂਹ ਵਿਦਵਾਨਾਂ ਨੂੰ ਜੀ ਆਇਆਂ ਕਿਹਾ | ਡਾ. ਰਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਮੁਖਾਤਿਬ ਹੁੰਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਬਨਾਵਟੀ ਬੁੱਧੀ) ਦੇ ਸਾਕਾਰਤਮਿਕ ਪ੍ਰਭਾਵਾਂ ਨੂੰ ਦਰਪੇਸ਼ ਕਰਦਿਆਂ ਵਿਸ਼ਵੀਕਰਨ ਦੇ ਪੱਧਰ 'ਤੇ ਇਸ ਚੰਗੇ ਨਤੀਜਿਆਂ ਅਤੇ ਏ.ਆਈ. ਸਾਫ਼ਟਵੇਅਰਾਂ ਬਾਰੇ ਜਾਣਕਾਰੀ ਦਿੱਤੀ | ਡਾ. ਸੰਦੀਪ ਕਟਾਰੀਆ ਨੇ ਆਈ.ਏ. ਸਾਫ਼ਟਵੇਅਰਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਮਨੁੱਖੀ ਬੌਧਿਕ ਸਮਰੱਥਾ ਦੇ ਵਿਸਥਾਰ ਵਿਸ਼ਿਆਂ ਨੂੰ ਉਦਾਹਰਨਾਂ ਸਹਿਤ ਪੇਸ਼ ਕੀਤੇ | ਡਾ. ਮਿਹਰ ਸਿੰਘ ਨੇ ਆਪਣੀ ਪੀ.ਪੀ.ਟੀ. ਵਿਚ ਆਈ.ਏ. ਦੇ ਨਵੇਂ ਅਤੇ ਮਹੱਤਵਪੂਰਨ ਸਾਫਟਵੇਅਰਾਂ ਜਿਨ੍ਹਾਂ ਵਿਚ ਪਰਪਲੈਕਸਟੀ ਰਿਸਰਚ ਟੂਲ, ਜੈਮਿਨੀ, ਨੋਟ ਜੀ.ਪੀ.ਟੀ. ਗਰੈਵਿਟੀ ਰਾਈਟ, ਲੀਨਾਰਡੋ ਏ.ਆਈ, ਪੈਬੇਲੀ ਏ.ਆਈ. ਤਕਨੀਕਾਂ ਯੰਤਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ | ਡਾ. ਮਹਿੰਦਰ ਕੌਰ ਗਰੇਵਾਲ ਨੇ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਏ.ਆਈ. ਦੀ ਭੂਮਿਕਾ ਨੂੰ ਪੀ.ਪੀ.ਟੀ. ਰਾਹੀਂ ਪੇਸ਼ ਕੀਤਾ | ਇਸ ਮੌਕੇ ਡੈਲੀਗੇਟਾਂ ਦੁਆਰਾ ਖੋਜ ਪੱਤਰ ਵੀ ਪ੍ਰਸਤੁਤ ਕੀਤੇ ਗਏ | ਟਰੱਸਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ ਨੇ ਸਮੂਹ ਵਿਦਵਾਨਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ | ਸਮੂਹ ਵਿਦਵਾਨਾਂ ਨੂੰ ਸੰਸਥਾ ਵਲੋਂ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਇਸ ਮੌਕੇ ਸਮੂਹ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ, ਮੈਡਮ ਸੰਦੀਪ ਕੌਰ ਅਤੇ ਮੈਡਮ ਦਲਜੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕਰਵਾਏ ਪੀ.ਪੀ.ਟੀ. ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਤੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ | ਮੰਚ ਸੰਚਾਲਕ ਦੀ ਭੂਮਿਕਾ ਡਾ. ਮਨਪ੍ਰੀਤ ਕੌਰ ਨੇ ਬਾਖੂਬੀ ਨਿਭਾਈ |