ਜਗਰਾਉਂ, 28 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਮੇਲਾ ਰੋਸ਼ਨੀ ਮੌਕੇ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਤੇ ਪਹਿਲਵਾਨ ਅਮਰੀਕ ਸਿੰਘ ਦੀ ਯਾਦ ਵਿਚ 12ਵਾਂ ਵਿਸ਼ਾਲ ਕੁਸ਼ਤੀ ਦੰਗਲ ਧਾਲੀਵਾਲ ਕੁਸ਼ਤੀ ਕਲੱਬ ਵਲੋਂ ਕਰਵਾਇਆ ਗਿਆ | ਇਹ ਦੰਗਲ ਡਿਸਪੋਜ਼ਲ ਰੋਡ ਜਗਰਾਉਂ ਵਿਖੇ ਹੋਏ | ਇੰਨ੍ਹਾਂ ਦੀ ਸ਼ੁਰੂਆਤ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਕਰਵਾਈ ਸੀ, ਜਿੰਨ੍ਹਾਂ ਨੂੰ ਹੁਣ ਉਨ੍ਹਾਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ | ਇਸ ਦੰਗਲ ਵਿਚ ਚਾਰ ਦਰਜਨ ਤੋਂ ਵੱਧ ਵੱਖ-ਵੱਖ ਭਾਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਝੰਡੀ ਦੀ ਕੁਸ਼ਤੀ ਸੋਨੀ ਸਹੇਰਾ ਅਤੇ ਬਾਬਾ ਤਲੇਟਾ ਪਹਿਲਵਾਨਾਂ ਵਿਚਕਾਰ ਹੋਈ | ਇਸ ਮੁਕਾਬਲੇ ਵਿਚ ਸੋਨੀ ਸਹੇਰਾ ਨੇ ਬਾਬਾ ਤਲੇਟਾ ਨੂੰ ਹਰਾ ਕੇ ਝੰਡੀ ਵਾਲੀ ਕੁਸ਼ਤੀ ਆਪਣੇ ਨਾਂਅ ਕੀਤੀ | ਇੰਨ੍ਹਾਂ ਕੁਸ਼ਤੀਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਹੋਏ ਸਨ | ਜੇਤੂਆਂ ਨੂੰ ਨਗਦ ਅਤੇ ਸਨਮਾਨ ਚਿੰਨ੍ਹ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਵਲੋਂ ਭੇਟ ਕੀਤੇ ਗਏ | ਇਸ ਮੌਕੇ ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਲਈ ਖੇਡਾਂ ਨਾਲ ਜੁੜਨਾ ਜ਼ਰੂਰੀ ਹੈ | ਮੌਜੂਦਾ ਤਕਨੀਕੀ ਯੁੱਗ ਵਿਚ ਨੌਜਵਾਨੀ ਖੇਡ ਮੈਦਾਨਾਂ ਨੂੰ ਛੱਡ ਕੇ ਲੈਪਟਾਪ ਤੇ ਮੋਬਾਇਲ ਨਾਲ ਜੁੜ ਗਈ ਹੈ | ਇਹ ਵਰਤਾਰਾ ਉਨ੍ਹਾਂ ਨੂੰ ਸਮਾਜ ਨਾਲੋਂ ਤੋੜਨ ਦੇ ਨਾਲ-ਨਾਲ ਸਰੀਰਕ ਤੇ ਮਾਨਿਸਕ ਤੌਰ 'ਤੇ ਵੀ ਕਮਜ਼ੋਰ ਕਰ ਰਿਹਾ ਹੈ | ਮਨੁੱਖ ਇਕ ਮਸ਼ੀਨ ਵਾਂਗ ਵਿਚਰ ਰਿਹਾ ਹੈ | ਜ਼ਜਬਾਤਹੀਣਾ ਸਮਾਜ ਪੱਥਰ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਨਵੀਂ ਤਕਨੀਕ ਨਾਲ ਜੁੜਨਾ ਚਾਹੀਦਾ ਹੈ ਪਰ ਉਸ ਤਕਨੀਕ ਤੋਂ ਸਮਾਜ ਨੇ ਕੀ ਲੈਣਾ ਜੋ ਉਸ ਨੂੰ ਆਪਣੇ ਵਜੂਦ ਨਾਲ ਹੀ ਤੋੜ ਰਿਹਾ ਹੋਵੇ | ਉਨ੍ਹਾਂ ਪ੍ਰਬੰਧਕਾਂ ਵਲੋਂ ਕਰਵਾਏ ਇਸ ਕੁਸ਼ਤੀ ਦੰਗਲ ਦੀ ਪ੍ਰਸੰਸਾ ਕੀਤੀ | ਇਸ ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਪਹਿਲਵਾਨਾਂ ਦੇ ਅਖਾੜੇ ਹੋਂਦ ਵਿਚ ਆਉਣੇ ਚਾਹੀਦੇ ਹਨ | ਇਸ ਕਾਰਜ ਲਈ ਸ਼ਹਿਰ ਦੇ ਮੋਹਤਬਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਹਰਮਨ ਸਿੰਘ ਗਾਲਿਬ, ਚਮਕੌਰ ਸਿੰਘ ਮਨੀਲਾ, ਜੋਰਾ ਸਿੰਘ ਸਿੱਧੂ, ਮਨਿੰਦਰ ਸਿੰਘ ਮਨੀ ਕੈਲਪੁਰ, ਦਲੇਰ ਸਿੰਘ ਲੁਧਿਆਣਾ, ਅਮਰਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਬਿੱਟੂ, ਜਸਪ੍ਰੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |