ਜਗਰਾਉਂ, 29 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪਹਿਲੀ ਮਈ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਜਗਰਾਉਂ ਬੱਸ ਸਟੈਂਡ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਅਤੇ ਮਾਰਚ ਦੀ ਤਿਆਰੀ ਲਈ ਅੱਜ ਜਗਰਾਉਂ ਸ਼ਹਿਰ ਦੇ ਵੱਖ-ਵੱਖ ਅਦਾਰਿਆਂ 'ਚ ਪ੍ਰਚਾਰ ਮੁਹਿੰਮ ਚਲਾਈ ਗਈ | ਵੱਖ-ਵੱਖ ਜਥੇਬੰਦਕ ਆਗੂਆਂ ਦੇ ਜੱਥੇ ਨੇ ਫੂਡ ਐਂਡ ਅਲਾਈਡ ਵਰਕਰਜ ਯੂਨੀਅਨ, ਐੱਫ.ਸੀ.ਆਈ ਵਰਕਰਜ਼ ਯੂਨੀਅਨ, ਗੱਲਾ ਮਜ਼ਦੂਰ ਯੂਨੀਅਨ, ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ, ਐੱਲ.ਆਈ.ਸੀ. ਵਰਕਰਜ਼ ਯੂਨੀਅਨ, ਸਰਕਾਰੀ ਹਾਇਰ ਸੈਕੰਡਰੀ ਸਕੂਲ, ਬਿਜਲੀ ਦਫ਼ਤਰਾਂ 'ਚ ਆਗੂਆਂ ਅਤੇ ਆਮ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਇਨ੍ਹਾਂ ਮੀਟਿੰਗਾਂ ਵਿਚ ਦੇਸ਼ ਦੂਨੀਆਂ ਦੀ ਰਾਜਨੀਤਿਕ ਹਾਲਾਤ 'ਤੇ ਚਰਚਾ ਕਰਦਿਆਂ ਦੱਸਿਆ ਗਿਆ ਕਿ ਪੂੰਜੀਵਾਦੀ ਵਿਵਸਥਾ ਦੇ ਸਤਾਏ ਸ਼ਨਅਤੀ ਮਜ਼ਦੂਰ ਹੁਣ ਆਪ ਮੁਹਾਰੇ ਸੜਕਾਂ 'ਤੇ ਨਿਕਲ ਤੁਰੇ ਹਨ | ਅੱਤ ਦੀ ਮਹਿੰਗਾਈ ਦੇ ਯੁੱਗ ਵਿਚ ਨਾ-ਮਾਤਰ ਤਨਖ਼ਾਹਾਂ 'ਤੇ ਵਕਤ ਨੂੰ ਧੱਕਾ ਦੇ ਰਹੇ ਅਤੇ ਨਰਕੀਂ ਜ਼ਿੰਦਗੀ ਜਿਊਣ ਲਈ ਮਜ਼ਬੂਰ ਕਿਰਤੀ ਹੁਣ ਬਾਗੀ ਹੋ ਰਹੇ ਹਨ | ਦੇਸ਼ ਦੇ ਹਾਕਮ ਅਮਰੀਕਨ ਸਾਮਰਾਜ ਨਾਲ ਵਪਾਰ ਸਮਝੌਤੇ ਕਰਕੇ ਦੇਸ਼ ਦੇ ਕਿਰਤੀਆਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਭਾਜਪਾ ਹਕੂਮਤ ਵਲੋਂ ਦੇਸ ਨੂੰ ਫਿਰਕੂ ਆਧਾਰ 'ਤੇ ਵੰਡਣ ਲਈ ਧਰਮ ਦਾ ਪੱਤਾ ਖੇਡਦਿਆਂ ਲਗਾਤਾਰ ਘੱਟ ਗਿਣਤੀਆਂ 'ਤੇ ਜ਼ਬਰ ਢਾਹਿਆ ਜਾ ਰਿਹਾ | ਇਸ ਸਮੇਂ ਕੰਵਲਜੀਤ ਖੰਨਾ, ਮਾ. ਗੁਰਮੇਲ ਰੂਮੀ, ਅਵਤਾਰ ਸਿੰਘ ਗਗੜਾ, ਮਾ. ਹਰਬੰਸ ਲਾਲ, ਸੂਬੇਦਾਰ ਗਗੜਾ, ਪ੍ਰਧਾਨ ਅਵਤਾਰ ਸਿੰਘ ਬਿੱਲਾ, ਨਿਸ਼ਾਨ ਸਿੰਘ, ਦੇਵਰਾਜ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ |