ਜਗਰਾਉਂ, 29 ਅਪ੍ਰੈਲ (ਗੁਰਦੀਪ ਸਿੰਘ ਮਲਕ)-ਸ਼ਹਿਰ ਦੀ ਹੱਦ ਨਾਲ ਲੱਗਦੇ ਛੋਟੇ ਪਿੰਡ ਕੋਠੇ ਅੱਠ ਚੱਕ ਦਾ ਨਾਂਅ ਬਦਲਣ ਵਾਲੇ ਪਿੰਡ ਵਿਚ ਲਾਏ ਗਏ ਬੋਰਡ ਅੱਜ ਪਿੰਡ ਵਾਸੀਆਂ ਨੇ ਹੀ ਪੁੱਟ ਦਿੱਤੇ | ਦਿਲਚਸਪ ਗੱਲ ਇਹ ਰਹੀ ਕਿ ਬੋਰਡ ਇਕ ਸੱਤ੍ਹਾਧਾਰੀ 'ਆਪ' ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕਾਲਾ ਝੱਜ ਦੇ ਪਿਤਾ ਬਲਦੇਵ ਸਿੰਘ ਦੇ ਨਾਂਅ ਵਾਲੇ ਇਕ ਮਹੀਨਾ ਪਹਿਲਾਂ ਲਾਏ ਗਏ ਅਤੇ ਪੁੱਟਣ ਸਮੇਂ ਵੀ 'ਆਪ' ਦਾ ਹੀ ਇਕ ਆਗੂ ਸੁਖਵਿੰਦਰ ਸਿੰਘ ਕਾਕਾ ਪਿੰਡ ਵਾਲਿਆਂ ਦੇ ਨਾਲ ਸੀ, ਜੋ ਇਸੇ ਪਿੰਡ ਦਾ ਵਸਨੀਕ ਹੈ | ਇਸ ਪਿੰਡ ਦਾ ਨਾਂਅ ਤਾਂ ਬਾਦਲ ਸਰਕਾਰ ਸਮੇਂ ਹੀ ਬਦਲਕੇ ਕੋਠੇ ਅੱਠ ਚੱਕ ਬਲਦੇਵ ਸਿੰਘ ਵਾਲਾ ਕਰ ਦਿੱਤਾ ਗਿਆ ਸੀ ਪਰ ਬੋਰਡ ਪਿਛਲੇ ਮਾਰਚ ਮਹੀਨੇ ਦੇ ਅਖ਼ੀਰ 'ਚ ਲੱਗੇ ਸਨ | ਬੋਰਡ ਲੱਗਣ ਵਾਲੇ ਦਿਨ ਹੀ ਪਿੰਡ ਵਾਸੀਆਂ ਦਾ ਗੁਰਦੁਆਰਾ ਸਾਹਿਬ 'ਚ ਇਕੱਠ ਹੋਇਆ ਜਿਥੋਂ ਪਿੰਡ ਦਾ ਨਾਂਅ ਬਦਲਣ ਦੇ ਸੰਘਰਸ਼ ਦੀ ਸ਼ੁਰੂਆਤ ਹੋਈ | ਪਿੰਡ ਵਾਸੀਆਂ ਨੇ ਸੰਘਰਸ਼ ਕਮੇਟੀ ਬਣਾ ਕੇ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ ਨੂੰ ਮੰਗ ਪੱਤਰ ਦਿੱਤਾ | ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਵੀ ਪੱਤਰਾਂ ਰਾਹੀਂ ਵਿਰੋਧ ਦਰਜ ਕਰਵਾਇਆ | ਬੋਰਡ ਪੁੱਟਣ ਸਮੇਂ ਅੱਜ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ, ਜਗਤਾਰ ਸਿੰਘ ਗਿੱਲ, 'ਆਪ' ਆਗੂ ਸੁਖਵਿੰਦਰ ਸਿੰਘ ਕਾਕਾ, ਜਗਰੂਪ ਸਿੰਘ ਜੱਗਾ ਧਾਲੀਵਾਲ, ਪੰਚ ਬਲਜੀਤ ਸਿੰਘ, ਪੰਚ ਸੰਜੇ ਕੁਮਾਰ, ਪੰਚ ਚਰਨਜੀਤ ਕੌਰ, ਪੰਚ ਮਿਲਾਪ ਸਿੰਘ, ਸਤਨਾਮ ਸਿੰਘ ਧਾਲੀਵਾਲ ਤੇ ਮੌਕੇ 'ਤੇ ਮੌਜੂਦ ਅÏਰਤਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੜਤਾਲ ਕਰਵਾਈ | ਉਪਰੰਤ ਬੀਤੇ ਦਿਨੀਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਇਕ ਪੱਤਰ ਭੇਜਿਆ | ਇਸ ਪੱਤਰ ਵਿਚ ਪਿੰਡ ਦੇ ਮੌਜੂਦਾ ਸਰਪੰਚ ਅਸ਼ੋਕ ਕੁਮਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਪਿੰਡ ਦਾ ਨਾਂਅ ਕੋਠੇ ਅੱਠ ਚੱਕ ਬਲਦੇਵ ਸਿੰਘ ਵਾਲਾ ਨਾ ਵਰਤਿਆ ਜਾਵੇ | ਇਸ ਪੱਤਰ ਦੀ ਕਾਪੀ ਦਿਖਾਉਂਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪੱਤਰ ਮਿਲਣ ਉਪਰੰਤ ਹੀ ਉਨ੍ਹਾਂ ਬੋਰਡ ਪੁੱਟਣ ਵਾਲੀ ਕਾਰਵਾਈ ਅਮਲ 'ਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਪਿੰਡ ਦਾ ਨਾਂਅ ਬਦਲਣ ਸਮੇਂ ਪਿੰਡ ਵਾਸੀਆਂ ਦੀ ਸਹਿਮਤੀ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਪਿੰਡ ਦਾ ਨਾਂਅ ਬਦਲੇ ਜਾਣ 'ਤੇ ਪਾਸਪੋਰਟ ਤੋਂ ਲੈ ਕੇ ਆਧਾਰ ਕਾਰਡ ਤੱਕ ਹਰ ਦਸਤਾਵੇਜ਼ ਬਦਲਾਉਣਾ ਪੈਣਾ ਸੀ | ਇਹ ਸਾਧਾਰਨ ਕੰਮ ਨਹੀਂ ਹੁੰਦਾ ਅਤੇ ਇਸ ਕੰਮ ਵਿਚ ਵਾਧੂ ਦੀ ਖੁਆਰੀ ਹੁੰਦੀ | ਇਹ ਸਭ ਕਰਨ 'ਤੇ ਸਮਾਂ ਤੇ ਪੈਸਾ ਬਰਬਾਦ ਹੋਣਾ ਸੀ ਤੇ ਉਹ ਵੀ ਉਦੋਂ ਜਦੋਂ ਸਮੁੱਚਾ ਪਿੰਡ ਨਾਂਅ ਬਦਲਣਾ ਹੀ ਨਹੀਂ ਸੀ ਚਾਹੁੰਦਾ | ਇਸ ਮੌਕੇ ਪਰਦੀਪ ਗਰੇਵਾਲ, ਗੁਰਪ੍ਰੀਤ ਗੋਰਾ, ਚਰਨਜੀਤ ਕੌਰ, ਪਿ੍ਤਪਾਲ ਸਿੰਘ, ਅਵਤਾਰ ਸਿੰਘ, ਚਰਨ ਸਿੰਘ ਛੀਨਾ, ਜਗਮੇਲ ਸਿੰਘ ਸੰਧੂ, ਗੁਰਜੀਤ ਧਾਲੀਵਾਲ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ | ਓਧਰ ਜਿਹੜੇ ਬਲਦੇਵ ਸਿੰਘ ਦੇ ਨਾਂਅ 'ਤੇ ਪਿੰਡ ਦਾ ਨਾਂਅ ਬਦਲਿਆ ਗਿਆ ਉਹ ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਚੇਅਰਮੈਨ ਰਹੇ ਹਨ | ਉਨ੍ਹਾਂ ਦੇ ਪਰਿਵਾਰ ਵਿਚੋਂ ਪੁੱਤਰਾਂ ਇੰਦਰਜੀਤ ਸਿੰਘ ਝੱਜ ਅਤੇ ਕੁਲਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਪਿੰਡ ਦੇ ਨਾਂਅ ਦੀ ਤਬਦੀਲੀ ਨਵੀਂ ਨਹੀਂ ਸਗੋਂ ਇਹ ਤਾਂ ਅਕਾਲੀ-ਭਾਜਪਾ ਗੱਠਜੋੜ ਦੀ ਬਾਦਲ ਸਰਕਾਰ ਸਮੇਂ ਦੀ ਹੋਈ ਹੈ |