ਮੁੱਲਾਂਪੁਰ-ਦਾਖਾ, 29 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗਰਮੀ ਵਧਣ ਨਾਲ ਬਿਜਲੀ ਦੀ ਮੰਗ 'ਚ ਤੇਜ਼ੀ ਕਰਕੇ ਇਲਾਕੇ ਭਰ 'ਚ ਬਿਜਲੀ ਸੰਕਟ ਗੰਭੀਰ ਬਣਿਆ ਪਿਆ ਹੈ | ਕਈ ਦਿਨਾਂ ਤੋਂ ਦਿਨ-ਰਾਤ ਲੰਬੇ ਬਿਜਲੀ ਕੱਟ ਨਾਲ ਪਾਵਰਕਾਮ ਦਾ ਘਰੇਲੂ ਖ਼ਪਤਕਾਰ ਅਤੇ ਛੋਟਾ-ਵੱਡਾ ਉਦਯੋਗ ਪ੍ਰਭਾਵਿਤ ਹੋ ਰਿਹਾ | ਬਿਜਲੀ ਕੱਟਾਂ ਨਾਲ ਰਾਤ ਨੂੰ ਪ੍ਰਭਾਵਿਤ ਹੋ ਰਹੇ ਲੋਕਾਂ ਨੂੰ ਪੂਰੀ ਬਿਜਲੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਪਾਵਰਕਾਮ ਅਤੇ ਪੰਜਾਬ ਸਰਕਾਰ ਵਿਰੁੱਧ ਹਲਕਾ ਪੱਧਰੀ ਰੋਸ ਮੁਜ਼ਾਹਰਿਆਂ ਦੀ ਕੜੀ ਹੇਠ ਵਿਧਾਨ ਸਭਾ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਅਕਾਲੀ ਦਲ ਬਿਜਲੀ ਕੱਟਾਂ ਖ਼ਿਲਾਫ਼ ਅੱਜ ਵੀਰਵਾਰ ਮੰਡੀ ਮੁੱਲਾਂਪੁਰ ਵਿਖੇ ਰੋਸ ਪ੍ਰਦਰਸ਼ਨ ਕਰੇਗਾ | ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦੀ ਪੁਸ਼ਟੀ ਕਰਦਿਆਂ ਜਸਕਰਨ ਸਿੰਘ ਦਿਓਲ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਮੁਫ਼ਤ ਤੇ 24 ਘੰਟੇ ਬਿਜਲੀ ਤੋਂ ਆਪ ਪਾਰਟੀ ਦੀ ਸਰਕਾਰ ਭੱਜ ਰਹੀ ਹੈ | ਦਿਨ ਢਲਦਿਆਂ ਹੀ ਬਿਜਲੀ ਕੱਟ ਕਰਕੇ ਘਰੇਲੂ ਜਾਂ ਡੇਅਰੀ ਧੰਦੇ ਨਾਲ ਜੁੜਿਆ ਖ਼ਪਤਕਾਰ ਮੁੜ੍ਹਕੋ-ਮੁੜ੍ਹਕੀ ਹੋ ਰਿਹਾ | ਦਿਓਲ ਦੱਸਿਆ ਕਿ ਪਹਿਲਾਂ ਪੰਜਾਬ ਰਾਜ ਬਿਜਲੀ ਨਿਗਮ (ਪੀ.ਐੱਸ.ਪੀ.ਸੀ.ਐੱਲ) ਅੱਡਾ ਦਾਖਾ ਗਰਿੱਡ ਸਾਹਮਣੇ ਧਰਨਾ ਦਿੱਤੇ ਜਾਣ ਦਾ ਪ੍ਰੋਗਰਾਮ ਸੀ, ਪਰ ਆਮ ਲੋਕਾਂ ਦੀ ਮੁਸ਼ਕਿਲ ਅਤੇ ਸੜਕੀ ਆਵਾਜਾਈ, ਰਾਹਗੀਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਧਿਆਨ ਵਿਚ ਰੱਖਦਿਆਂ ਠੀਕ 10 ਵਜੇ ਮੰਡੀ ਮੁੱਲਾਂਪੁਰ ਮੁੱਖ ਚੌਂਕ ਨੇੜੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਬਿਜਲੀ ਦੀ ਘਾਟ ਕਾਰਨ ਪਾਵਰਕਾਮ ਦੇ ਖ਼ਪਤਕਾਰਾਂ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ | ਬਿਜਲੀ ਮੰਡਲ ਅੱਡਾ ਦਾਖਾ 66 ਕੇ.ਵੀ ਸਬ ਸਟੇਸ਼ਨ ਤੋਂ ਚੱਲ ਰਹੇ 11ਕੇ.ਵੀ. ਫੀਡਰਾਂ ਦੀ ਨਿਰਵਿਘਨ ਬਿਜਲੀ ਸਪਲਾਈ ਲਈ ਰਾਤ 9 ਵਜੇ ਤੋਂ ਬਾਅਦ ਸਵੇਰ ਤੱਕ ਕੋਈ ਤਕਨੀਕੀ ਨੁਕਸ ਦੀ ਸੂਰਤ ਵਿਚ ਬਿਜਲੀ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ | ਛੋਟਾ ਨੁਕਸ ਫਿਊਜ਼ ਉੱਡ ਜਾਣ'ਤੇ ਵੀ ਖ਼ਪਤਕਾਰਾਂ ਨੂੰ ਸਾਰੀ ਰਾਤ ਪੱਖੀ ਝੱਲਣੀ ਪੈਂਦੀ ਹੈ | ਅੱਡਾ ਦਾਖਾ ਐਕਸੀਅਨ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਇਕ ਮਈ ਤੋਂ ਰਾਤ ਦੀ ਡਿਊਟੀ ਲਈ ਬਿਜਲੀ ਮੁਲਾਜ਼ਮ ਤਾਇਨਾਤ ਰਹੇਗਾ |