ਮੁੱਲਾਂਪੁਰ-ਦਾਖਾ, 29 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ, ਪੰਜਾਬ ਪੁਲਿਸ ਵਲੋਂ ਨਸ਼ਾ ਮੁਕਤ ਪੰਜਾਬ ਦਾ ਬੀੜਾ ਚੁੱਕਿਆ ਹੋਇਆ | ਨਸ਼ਿਆਂ ਦਾ ਮਾੜਾ ਪ੍ਰਭਾਵ ਰੋਕਣ ਲਈ ਪੁਲਿਸ ਸਰਗਰਮੀ ਨਾਲ ਨਸ਼ਾ ਤਸਕਰਾਂ ਦੇ ਪਿੱਛੇ ਦੌੜ ਰਹੀ ਹੈ | ਸਰਕਾਰ ਦੇ ਆਦੇਸ਼ਾਂ ਨਾਲ ਪੁਲਿਸ ਅਤੇ ਨਗਰ ਕੌਂਸਲ ਉੱਚ ਅਧਿਕਾਰੀਆਂ ਵਲੋਂ ਨਸ਼ਾ ਤਸਕਰਾਂ ਦੁਆਰਾ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਵਾਲਾ ਪੀਲਾ ਪੰਜਾ ਅੱਜ ਮੰਡੀ ਮੁੱਲਾਂਪੁਰ ਰੇਲਵੇ ਲਾਈਨ ਨਜ਼ਦੀਕ ਮੰਦਰ ਨੇੜੇ ਇਕ ਮੁਹੱਲੇ 'ਚ ਬਿਹਾਰ ਮੂਲ ਦੀ ਪੰਜਾਬ ਵਾਸੀ ਮਹਿਲਾ ਸੁਨੀਤਾ ਰਾਣੀ, ਉਸ ਦੇ ਪਤੀ ਮਨੋਜ ਸਾਹਨੀ ਦੇ ਮਕਾਨ ਦਾ ਕੁਝ ਹਿੱਸਾ ਤੋੜ ਦਿੱਤਾ ਗਿਆ | ਡਿਊਟੀ ਮੈਜਿਸਟ੍ਰੇਟ ਵਿਕਾਸ ਉੱਪਲ ਦੀ ਨਜ਼ਰਸਾਨੀ ਹੇਠ ਕਾਰਵਾਈ ਸਮੇਂ ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ ਨੇ ਦੱਸਿਆ ਕਿ ਅਸੀਂ ਮਿਊਾਸਪਲ ਬਿਲਡਿੰਗ ਬਾਈਲਾਜ਼ ਹੇਠ ਕਾਰਵਾਈ ਕੀਤੀ ਹੈ, ਮਨੋਜ ਸਾਹਨੀ ਅਤੇ ਸੁਨੀਤਾ ਵਲੋਂ ਮਕਾਨ ਬਣਾਉਣ ਸਮੇਂ ਕੁਝ ਅਣ-ਅਧਿਕਾਰਤ ਉਸਾਰੀ ਕੀਤੀ ਗਈ, ਦਫਤਰ ਨਗਰ ਕੌਂਸਲ ਮੁੱਲਾਂਪੁਰ ਦਾਖਾ ਵਲੋਂ ਪੰਜਾਬ ਮਿਊਾਸਪਲ ਐਕਟ 1911 ਤਹਿਤ ਨੋਟਿਸ ਹੋਏ, ਪਰ ਹਾਜ਼ਰ ਨਾ ਹੋਣ 'ਤੇ ਇਹ ਕਾਰਵਾਈ ਹੋਈ | ਦਾਖਾ ਪੁਲਿਸ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਦੀ ਮਲਕੀਅਤ ਵਾਲੀਆਂ ਗੈਰ ਕਾਨੂੰਨੀ ਉਸਾਰੀਆਂ ਢਾਹੀਆਂ ਜਾ ਰਹੀਆਂ | ਘਟਨਾਕ੍ਰਮ ਸਮੇਂ ਮੌਜੂਦ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਮੇਰੀ ਨਸ਼ਾ ਤਸਕਰਾਂ ਨੂੰ ਚਿਤਾਵਨੀ ਹੈ ਕਿ ਜਾਂ ਤਾਂ ਨਸ਼ਿਆਂ ਦੀ ਤਸਕਰੀ ਛੱਡ ਦਿਓ ਜਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੋ | ਪੁਲਿਸ ਅਨੁਸਾਰ ਸੁਨੀਤਾ ਰਾਣੀ ਅਤੇ ਮਨੋਜ ਸਾਹਨੀ ਬੜੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ | ਸੁਨੀਤਾ ਰਾਣੀ ਸਾਲ 2018 'ਚ ਐੱਨ.ਡੀ.ਪੀ.ਐੱਸ ਐਕਟ ਤਹਿਤ ਦਰਜ ਮੁਕੱਦਮੇ ਹੇਠ ਜੇਲ੍ਹ ਦੀ ਕਾਲ ਕੋਠੜੀ 'ਚ ਬੰਦ ਹੈ | ਸਾਲ 2016-17-18-19-20-22 ਕੁੱਲ 6 ਵਰਿ੍ਹਆਂ 'ਚ ਥਾਣਾ ਦਾਖਾ ਵਿਖੇ ਸੁਨੀਤਾ ਵਿਰੁੱਧ ਨਸ਼ਾ ਤਸਕਰੀ ਦੇ 8 ਮੁਕੱਦਮੇ ਦਰਜ ਹਨ | ਨਸ਼ੇ ਦੀ ਤਸਕਰੀ ਵਿਚ ਸੁਨੀਤਾ ਦੇ ਭਾਈਵਾਲ ਉਸ ਦੇ ਪਤੀ ਮਨੋਜ ਸਾਹਨੀ ਵਿਰੁੱਧ ਵੀ ਐੱਨ.ਡੀ.ਪੀ.ਐੱਸ ਐਕਟ ਤਹਿਤ 5 ਦਰਜ ਮੁਕੱਦਮਿਆਂ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਦਰਜ ਹਨ | ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਨਾਲ ਉਕਤ ਕਾਰਵਾਈ ਸਮੇਂ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਉਸਾਰੀਆਂ ਤੋੜੀਆਂ ਜਾਣ ਸਮੇਂ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਫੋਰਸ ਭੇਜੀ ਗਈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਤੋੜਨ ਲਈ ਯੁੁੱਧ ਨਸ਼ਿਆਂ ਵਿਰੁਧ ਮੁਹਿੰਮ ਦਾ ਇਕ ਹਿੱਸਾ ਤਸਕਰਾਂ ਦੇ ਅਣ-ਅਧਿਕਾਰਤ ਘਰ ਤੋੜਨਾ ਵੀ ਹੈ |