30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭੋਗ 'ਤੇ ਵਿਸ਼ੇਸ਼ : ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਸਲੇਮਪੁਰਾ

ਅਜੀਤ ਡੈਸਕ 01-05-2026
ਸਿੱਧਵਾਂ ਬੇਟ-ਹਮੇਸ਼ਾਂ ਸੱਚ ਦੇ ਰਾਹ 'ਤੇ ਚੱਲਦਿਆਂ ਸਾਫ਼ ਸੁਥਰੀ ਸਿਆਸਤ ਕਰਨ ਵਾਲੇ ਵਰਦੀਪ ਸਿੰਘ ਦੀਪਾ ਦਾ ਜਨਮ 27-11-1969 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਲੇਮਪੁਰਾ ਵਿਖੇ ਬਾਪੂ ਸੋਹਣ ਸਿੰਘ ਥਿੰਦ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਹੋਇਆ | ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸਿੱਧਵਾਂ ਬੇਟ ਤੋਂ ਕਰਨ ਉਪਰੰਤ ਮੋਗਾ ਆਈ.ਟੀ.ਆਈ. ਤੋਂ ਮਕੈਨੀਕਲ ਦਾ ਡਿਪਲੋਮਾ ਕੀਤਾ ਅਤੇ ਕੁਝ ਸਮਾਂ ਪੰਜਾਬ ਰੋਡਵੇਜ਼ ਦੇ ਜਗਰਾਉਂ ਡਿਪੂ ਵਿਚ ਨੌਕਰੀ ਕੀਤੀ | ਉਪਰੰਤ ਛੋਟੀ ਉਮਰ ਵਿਚ ਖੇਤੀ ਧੰਦੇ ਵਿਚ ਜੁੱਟ ਗਏ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਦੀ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ | 22-02-1995 ਨੂੰ ਆਪ ਨੇ ਲਾਗਲੇ ਪਿੰਡ ਸਦਰਪੁਰਾ ਦੇ ਕਿਸਾਨ ਸੁਦਾਗਰ ਸਿੰਘ ਭੰਦੋਲ ਅਤੇ ਮਾਤਾ ਜਸਵੀਰ ਕੌਰ ਦੀ ਬੇਟੀ ਬੀਬੀ ਗੁਲਵਿੰਦਰ ਕੌਰ ਨੂੰ ਆਪਣੀ ਹਮਸਫ਼ਰ ਬਣਾਇਆ | ਉਨ੍ਹਾਂ ਨੂੰ ਆਪਣੇ ਜੀਵਨ ਵਿਚ ਆਪਣੇ ਪਿਤਾ ਸਮਾਜ ਸੇਵੀ ਬਾਪੂ ਸੋਹਣ ਸਿੰਘ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ | ਆਪ ਦੇ ਘਰ ਦੋ ਪੁੱਤਰਾਂ ਅਮਨਜੋਤ ਥਿੰਦ ਅਤੇ ਸੁਖਜੋਤ ਥਿੰਦ ਨੇ ਜਨਮ ਲਿਆ ਜਿੰਨ੍ਹਾਂ ਨੂੰ ਚੰਗੇਰੀ ਵਿਦਿਆ ਹਾਸਿਲ ਕਰਵਾਈ ਅਤੇ ਛੋਟੇ ਪੁੱਤਰ ਸੁਖਜੋਤ ਥਿੰਦ ਨੂੰ ਕੈਨੇਡਾ ਭੇਜ ਦਿੱਤਾ | 1998 ਵਿਚ ਆਪ ਨੂੰ ਪਿੰਡ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ | ਇਸੇ ਦੌਰਾਨ ਹੀ ਆਪ ਨੇ ਉਸ ਸਮੇਂ ਦੇ ਵਿਧਾਇਕ ਭਾਗ ਸਿੰਘ ਮੱਲ੍ਹਾ ਦੀ ਬਾਂਹ ਫੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਵਜੋਂ ਸਰਗਰਮ ਸਿਆਸਤ ਵਿਚ ਪੈਰ ਧਰਿਆ ਅਤੇ ਆਪ ਦੀ ਕਾਬਲੀਅਤ ਸਦਕਾ ਸ਼੍ਰੋਮਣੀ ਅਕਾਲੀ ਦਲ ਸਰਕਲ ਸਿੱਧਵਾਂ ਬੇਟ ਦਾ ਪ੍ਰਧਾਨ ਚੁਣਿਆ ਗਿਆ | ਉਪਰੰਤ ਆਪ ਨੂੰ ਸਹਿਕਾਰੀ ਖੇਤੀਬਾੜੀ ਸਭਾ ਦੇ ਮੈਂਬਰ ਅਤੇ ਲੈਂਡ ਮਾਰਗਟੇਜ਼ ਬੈਂਕ ਜਗਰਾਉਂ ਦਾ ਵਾਈਸ ਚੇਅਰਮੈਨ ਵਜੋਂ ਵੀ ਕੰਮ ਕਰਨ ਦਾ ਮੌਕਾ ਮਿਲਿਆ | ਇਸ ਦੌਰਾਨ ਆਪ ਨੇ ਆਪਣੇ ਸਾਥੀ ਜਥੇਦਾਰ ਗੁਰਦੀਪ ਸਿੰਘ ਗਿੱਦੜਵਿੰਡੀ ਦੇ ਨਾਲ ਰਲ ਕੇ ਆਪਣੇ ਨਗਰ ਅਤੇ ਬੇਟ ਇਲਾਕੇ ਦਾ ਜੋ ਵਿਕਾਸ ਕਰਵਾਇਆ ਉਸ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ | ਹਲਕਿਆਂ ਦੀ ਨਵੀਂ ਹੱਦਬੰਦੀ ਉਪਰੰਤ ਆਪ ਦਾ ਜੱਦੀ ਪਿੰਡ ਸਲੇਮਪੁਰਾ ਵਿਧਾਨ ਸਭਾ ਹਲਕਾ ਦਾਖਾ ਵਿਚ ਆ ਜਾਣ 'ਤੇ ਆਪ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀਆਂ ਵਿਚ ਨਾਂਅ ਦਰਜ ਕਰਵਾਇਆ | ਉਨ੍ਹਾਂ ਆਪਣੇ ਸਾਥੀ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ ਅਤੇ ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਹਾਂਸ ਨਾਲ ਬੇਟ ਇਲਾਕੇ ਵਿਚ ਸਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ 'ਤੇ ਲਿਆ ਖੜ੍ਹਾ ਕੀਤਾ ਅਤੇ ਵਿਧਾਇਕ ਇਯਾਲੀ ਦੀ ਬੇਟ ਇਲਾਕੇ ਵਿਚ ਕਿਸੇ ਵੀ ਚੋਣ ਵਿਚ ਪਿੱਠ ਨਹੀਂ ਲੱਗਣ ਦਿੱਤੀ | ਵਿਧਾਇਕ ਇਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਕੁਝ ਵਖਰੇਵੇਂ ਹੋਣ ਉਪਰੰਤ ਉਨ੍ਹਾਂ ਦੇ ਹਰ ਹੁਕਮ ਨੂੰ ਮੰਨ ਕੇ ਉਨ੍ਹਾਂ ਨਾਲ ਆਪਣੇ ਸਾਥੀਆਂ ਸਮੇਤ ਚੱਟਾਨ ਵਾਂਗ ਖੜ੍ਹਨ ਦਾ ਫ਼ੈਸਲਾ ਕੀਤਾ | ਪਰ ਰੱਬੀ ਭਾਣੇ ਅਨੁਸਾਰ ਆਪ ਕੁਝ ਦਿਨ ਪਹਿਲਾਂ ਆਪਣੀ ਰੰਗਲੀ ਦੁਨੀਆਂ ਅਤੇ ਰੰਗਲੇ ਸਾਥੀਆਂ ਨੂੰ ਛੱਡ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਨਮਿਤ ਥਿੰਦ ਪਰਿਵਾਰ ਵਲੋਂ ਰਖਵਾਏ ਗਏ ਸ੍ਰੀ ਸਹਿਜ ਪਾਠਾਂ ਦੇ ਭੋਗ 1 ਮਈ ਦਿਨ ਸ਼ੁੱਕਰਵਾਰ ਨੂੰ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਬਾਅਦ ਦੁਪਿਹਰ ਇਕ ਵਜੇ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ |
-ਜਸਵੰਤ ਸਿੰਘ ਸਲੇਮਪੁਰੀ
ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ 84 ਸਾਲਾਂ ਤੋਂ ਜ਼ਮੀਨ 'ਤੇ ਖੇਤੀ ਕਰਦੇ ਕਿਸਾਨ ਨੇ ਪੰਚਾਇਤ ਵਿਭਾਗ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।