30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

84 ਸਾਲਾਂ ਤੋਂ ਜ਼ਮੀਨ 'ਤੇ ਖੇਤੀ ਕਰਦੇ ਕਿਸਾਨ ਨੇ ਪੰਚਾਇਤ ਵਿਭਾਗ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ

ਅਜੀਤ ਡੈਸਕ 01-05-2026
ਰਾਏਕੋਟ, 30 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਰਾਮਗੜ੍ਹ ਸਿਵੀਆਂ ਵਿਖੇ 84 ਸਾਲਾਂ ਤੋਂ ਜ਼ਮੀਨ 'ਤੇ ਖੇਤੀ ਕਰਦੇ ਆ ਰਹੇ ਕਿਸਾਨ ਪਰਿਵਾਰ ਨੇ ਪੰਚਾਇਤ ਵਿਭਾਗ ਉੱਪਰ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਹੈ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜ੍ਹਤ ਕਿਸਾਨ ਬਲਦੇਵ ਸਿੰਘ ਵਾਸੀ ਰਾਮਗੜ੍ਹ ਸਿਵੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਅੰਗਰੇਜ਼ ਹਕੂਮਤ ਸਮੇਂ ਤੋਂ 1942 ਤੋਂ ਪਿੰਡ ਵਿਚਲੀ 8 ਏਕੜ ਜ਼ਮੀਨ 'ਚ ਖੇਤੀ ਕਰਦੇ ਆ ਰਹੇ ਹਨ ਅਤੇ ਇਸ ਜ਼ਮੀਨ 'ਤੇ ਖੇਤੀ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੂੰ 84 ਸਾਲ ਹੋ ਗਏ, ਸਗੋਂ ਉਹ ਪਰਿਵਾਰ ਦੀ 6ਵੀਂ ਪੀੜ੍ਹੀ ਹੈ ਪਰ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਪਿੰਡ ਦੇ ਕੁਝ ਵਿਰੋਧੀਆਂ ਵਲੋਂ ਸੱਤ੍ਹਾਧਾਰੀ ਧਿਰ ਦੇ ਦਬਾਅ ਸਦਕਾ ਪੰਚਾਇਤ ਵਿਭਾਗ ਅਤੇ ਗ੍ਰਾਮ ਪੰਚਾਇਤ ਨੇ ਧੱਕੇ ਨਾਲ ਉਸ ਦੀ ਝੋਨੇ ਦੀ ਖੜ੍ਹੀ ਫ਼ਸਲ ਦੌਰਾਨ ਜ਼ਮੀਨ ਕਿਸੇ ਹੋਰ ਕਿਸਾਨ ਨੂੰ ਬੋਲੀ ਰਾਹੀਂ ਠੇਕੇ 'ਤੇ ਦੇ ਦਿੱਤੀ ਅਤੇ ਹੁਣ ਮਾਣਯੋਗ ਅਦਾਲਤ ਵਿਚ ਕੇਸ ਚਲਦਾ ਹੋਣ ਦੇ ਬਾਵਜੂਦ ਅੱਜ ਫਿਰ ਅਗਲੇ ਸਾਲ ਲਈ ਇਸ ਜ਼ਮੀਨ ਬੋਲੀ ਕਰਵਾ ਕੇ ਹੋਰ ਕਿਸਾਨ ਨੂੰ ਠੇਕੇ 'ਤੇ ਦੇ ਦਿੱਤੀ, ਜਦਕਿ ਇਹ ਜ਼ਮੀਨ ਪਿੰਡ ਦੀ ਇਕ ਧਾਰਮਿਕ ਸੰਸਥਾ ਦੀ ਸੀ ਅਤੇ ਉਸ ਸੰਸਥਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਇਹ ਜ਼ਮੀਨ ਕਾਸ਼ਤ ਕਰਨ ਲਈ ਦਿੱਤੀ, ਜਿਸ ਉੱਪਰ ਉਸ ਸਮੇਂ ਤੋਂ ਉਹ ਖੇਤੀ ਕਰਦੇ ਆ ਰਹੇ ਹਨ ਪਰ ਹੁਣ ਉਨ੍ਹਾਂ ਨਾਲ ਧੱਕਾ ਕਰਦਿਆਂ ਕਿਸੇ ਹੋਰ ਨੂੰ ਦੇ ਦਿੱਤੀ ਹੈ | ਇਸ ਜ਼ਮੀਨ ਦੀ ਬੋਲੀ ਸਮੇਂ ਕਿਸਾਨ ਪਰਿਵਾਰ ਦੀ ਹਿਮਾਇਤ 'ਤੇ ਬੂਟਾ ਸਿੰਘ ਭਾਗੀਕੇ ਬਲਾਕ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿਚ ਆਏ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸਦਾ ਕਰੜਾ ਵਿਰੋਧ ਕਰਦਿਆਂ ਜ਼ੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਪਰਿਵਾਰ ਨਾਲ ਕਿਸੇ ਵੀ ਕੀਮਤ 'ਤੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਪੀੜਤ ਕਿਸਾਨ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਆਖਿਆ ਕਿ ਕਈ ਦਹਾਕਿਆਂ ਤੋਂ ਉਹ ਜ਼ਮੀਨ ਦੇ ਕਾਸ਼ਤਕਾਰ ਹਨ |
ਇਸ ਲਈ ਉਨ੍ਹਾਂ ਨਾਲ ਧੱਕਾ ਨਾ ਕੀਤਾ ਜਾਵੇ ਅਤੇ ਜ਼ਮੀਨ ਉਨ੍ਹਾਂ ਨੂੰ ਦਿੱਤੀ ਜਾਵੇ, ਉਧਰ ਪੰਚਾਇਤ ਅਫ਼ਸਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਪੰਚਾਇਤ ਸੈਕਟਰੀ ਦਲਜਿੰਦਰ ਸਿੰਘ ਤੇ ਪੰਚਾਇਤ ਪਟਵਾਰੀ ਕੁਲਦੀਪ ਸਿੰਘ ਦੀ ਮੌਜੂਦਗੀ ਵਿਚ ਪਿੰਡ ਰਾਮਗੜ੍ਹ ਸਿਵੀਆਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਗਈ | ਇਸ ਮੌਕੇ ਜਦੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਮਾਣਯੋਗ ਅਦਾਲਤ ਵਿਚ ਕੇਸ ਦਾ ਫ਼ੈਸਲਾ ਕਿਸਾਨ ਪਰਿਵਾਰ ਦੇ ਉਲਟ ਹੋਣ ਕਾਰਨ ਹੁਣ ਜ਼ਮੀਨ ਪੰਚਾਇਤ ਦੇ ਨਾਮ ਹੋ ਗਈ, ਜਿਸਦੇ ਚੱਲਦੇ ਹੀ ਵਿਭਾਗ ਤੇ ਗ੍ਰਾਮ ਪੰਚਾਇਤ ਨਿਯਮਾਂ ਤਹਿਤ ਇਹ ਬੋਲੀ ਕਰਵਾ ਰਹੇ ਹਨ | ਇਸ ਮਾਮਲੇ ਨੂੰ ਲੈ ਕੇ ਪਿੰਡ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਕੁਝ ਲੋਕ ਕਿਸਾਨ ਪਰਿਵਾਰ ਨੂੰ ਹੀ ਜ਼ਮੀਨ ਦੁਬਾਰਾ ਠੇਕੇ 'ਤੇ ਦੇਣ ਦੀਆਂ ਗੱਲਾਂ ਕਰ ਰਹੇ ਸਨ |
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ : ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਸਲੇਮਪੁਰਾ ਅਗਲੀ ਖ਼ਬਰ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।