ਚੌਂਕੀਮਾਨ, 11 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਡਿਪਾਰਟਮੈਂਟ ਆਫ਼ ਸਾਇੰਸ, ਟੈਕਨਾਲੌਜੀ ਐਂਡ ਇਨਵਾਇਰਮੈਂਟ ਭਾਰਤ ਸਰਕਾਰ ਅਤੇ ਐੱਨ.ਐੱਸ.ਐੱਸ. ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸਾਂਝੇ ਰੂਪ ਵਿਚ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਵਰਕਸ਼ਾਪ ਵਿਚ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੇ ਈਕੋ ਕਲੱਬ ਵਲੋਂ ਕਿੱਤਾ ਮੁਖੀ ਵਸਤੂਆਂ ਅਤੇ ਬੈਸਟ ਆਊਟ ਆਫ਼ ਵੇਸਟ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਮੁਕਾਬਲੇ ਵਿਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਵਿੱਚੋਂ, ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ | ਜ਼ਿਕਰਯੋਗ ਹੈ ਕਿ ਇਸ ਮੌਕੇ ਸਿੱਧਵਾਂ ਕਾਲਜ ਨੂੰ ਉਨ੍ਹਾਂ ਦੀਆਂ ਸਾਲਾਨਾ ਵਾਤਾਵਰਨ ਗਤੀਵਿਧੀਆਂ ਲਈ ਸਰਵੋਤਮ ਪ੍ਰਾਪਤੀ ਦਾ ਸਰਟੀਫ਼ਿਕੇਟ ਅਤੇ ਤਮਗਾ ਦਿੱਤਾ ਗਿਆ | ਇਸ ਸਮਾਗਮ ਵਿਚ ਡਾ. ਇੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਇਹ ਵਿਸ਼ੇਸ਼ ਉਪਲੱਬਧੀਆਂ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਦੀ ਸਖ਼ਤ ਮਿਹਨਤ ਤੇ ਲਗਨ ਸਦਕਾ ਹੀ ਹਾਸਲ ਹੋਈਆਂ ਹਨ | ਉਨ੍ਹਾਂ ਦੱਸਿਆ ਇਹੋ ਜਿਹੇ ਸਨਮਾਨ ਜਿੱਥੇ ਸੰਸਥਾ ਦੇ ਮਾਨ-ਸਨਮਾਨ ਵਿੱਚ ਵਾਧਾ ਕਰਦੇ ਹਨ, ਉੱਥੇ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਨੂੰ ਵਾਤਾਵਰਨ ਦੀ ਸ਼ੁੱਧਤਾ, ਸੰਭਾਲ ਅਤੇ ਸੁਰੱਖਿਆ ਲਈ ਜਾਗਰੂਕ ਕਰਦੀਆਂ ਹਨ ਅਤੇ ਸਮਾਜਿਕ ਭਲਾਈ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਹਨ |