ਰਾਏਕੋਟ, 11 ਮਈ (ਬਲਵਿੰਦਰ ਸਿੰਘ ਲਿੱਤਰ)-ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਸਿੱਖਿਆ ਸੰਸਥਾ ਸ. ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ 'ਮਾਂ ਦਿਵਸ' ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹਕੇ ਹਿੱਸਾ ਲਿਆ | ਸਵੇਰ ਦੀ ਸਭਾ ਵਿਚ 'ਮਾਂ ਦਿਵਸ' ਨਾਲ ਸੰਬੰਧਿਤ ਸਪੀਚ ਦਿੱਤੀ ਗਈ | ਉਪਰੰਤ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਡਾਂਸ ਅਤੇ ਰੈਪ ਵਾਕ ਕੀਤੀ, ਜਿਸ ਵਿਚ ਅਧਿਆਪਕ ਸਾਹਿਬਾਨ ਵੀ ਸ਼ਾਮਿਲ ਸਨ | ਚੌਥੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ, ਡਰਾਈ ਅਤੇ ਆਰਟੀਫੀਸ਼ੀਅਲ ਫੁੱਲਾਂ ਦੇ ਗੁਲਦਸਤੇ ਬਣਾਏ, ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੇ ਪਰਸ ਬਣਾ ਕੇ ਇਹ ਦਿਨ ਆਪਣੀਆਂ ਮਾਂਵਾਂ ਨੂੰ ਸਮਰਪਿਤ ਕੀਤਾ | ਵਿਦਿਆਰਥੀਆਂ ਵਲੋਂ ਬਹੁਤ ਹੀ ਸੋਹਣੇ ਗਰੁੱਪ ਡਾਂਸ ਦੀ ਪੇਸ਼ਕਾਰੀ ਵੀ ਦਿੱਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਕਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਅਤੇ ਮਾਂ ਵੱਲੋਂ ਬੱਚਿਆਂ ਦੀ ਕਾਮਯਾਬੀ ਲਈ ਕੀਤੇ ਉਪਰਾਲੇ ਅਤੇ ਮਿਹਨਤ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ | ਇਸ ਸਮੇਂ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |