ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਭਰ ਦੇ ਸਫ਼ਾਈ ਸੇਵਕਾਂ ਅਤੇ ਸਮੂਹ ਮਿਊਾਸੀਪਲ ਕਾਮਿਆਂ ਵਲੋਂ ਚੱਲ ਰਹੀ ਹੜਤਾਲ ਅੱਜ 10ਵੇਂ ਦਿਨ ਵਿਚ ਦਾਖ਼ਲ ਹੋ ਗਈ | ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਾਮਿਆਂ ਦੀ ਸਰਕਾਰ ਨਾਲ ਹੋਈ ਅੱਜ ਅਹਿਮ ਮੀਟਿੰਗ ਵੀ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ | ਬੀਤੇ ਕੱਲ੍ਹ ਸਥਾਨਕ ਸਰਕਾਰਾਂ ਵਿਭਾਗ ਦੇ ਆਡੀਟੋਰੀਅਮ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕੁਲਵੰਤ ਸਿੰਘ ਸਿੱਧੂ, ਐੱਮ.ਐੱਲ.ਏ. ਜਿੰਪਾ ਅਤੇ ਸਫ਼ਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਵਿਚਕਾਰ ਲੰਮੀ ਮੀਟਿੰਗ ਹੋਈ | ਇਸ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਕਈ ਘੰਟਿਆਂ ਤੱਕ ਚੱਲੀ ਗੱਲਬਾਤ ਦੇ ਬਾਵਜੂਦ ਸਰਕਾਰ ਵਲੋਂ ਕੋਈ ਢੁੱਕਵਾਂ ਜਾਂ ਸਾਰਥਿਕ ਹੱਲ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਸਫ਼ਾਈ ਸੇਵਕਾਂ ਅਤੇ ਮਿਊਾਸੀਪਲ ਕਾਮਿਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੁੜ ਭਰੋਸਿਆਂ ਅਤੇ ਲਾਰਿਆਂ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਪੱਕਾ ਹੱਲ ਨਾ ਕੀਤਾ ਤਾਂ ਪੰਜਾਬ ਭਰ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਸਨੀ ਸੁੰਦਰ, ਸਰਪ੍ਰਸਤ ਪ੍ਰਦੀਪ ਕੁਮਾਰ, ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਭੂਸ਼ਨ ਗਿੱਲ, ਬਿਕਰਮ ਗਿੱਲ, ਸਨਦੀਪ ਕੁਮਾਰ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ |