ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-20 ਮਈ ਨੂੰ ਕੈਮਿਸਟਾਂ ਵਲੋਂ ਕੀਤੀ ਜਾਣ ਵਾਲੀ ਹੜਤਾਲ ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਕੀਤਾ ਜਾਵੇਗਾ | ਇਸ ਸੰਬੰਧੀ ਰਾਏਕੋਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਕਿ੍ਸ਼ਨ ਖੁਰਾਣਾ ਨੇ ਦੱਸਿਆ ਕਿ 'ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ' ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਕੈਮਿਸਟ ਬੰਦ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਬੰਦ ਮੁੱਖ ਤੌਰ 'ਤੇ ਦਵਾਈਆਂ ਦੀ ਆਨ-ਲਾਈਨ ਵਿਕਰੀ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ | ਬਲਦੇਵ ਕਿ੍ਸ਼ਨ ਖੁਰਾਣਾ ਨੇ ਮੀਡੀਆ ਰਾਹੀਂ ਲੋਕਾਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਆਨਲਾਈਨ ਵਿਕਣ ਵਾਲੀਆਂ ਦਵਾਈਆਂ ਦੀ ਸ਼ੁੱਧਤਾ ਅਤੇ ਅਸਲੀ ਹੋਣ ਦੀ ਕੋਈ ਗਾਰੰਟੀ ਨਹੀਂ ਹੁੰਦੀ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਕੈਮਿਸਟ ਦੀ ਦੁਕਾਨ ਚਲਾਉਣ ਲਈ ਉੱਚਿਤ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ ਤੇ ਉੱਥੇ ਡੀ-ਫਾਰਮੇਸੀ ਧਾਰਕ ਫਾਰਮਾਸਿਸਟ ਦੀ ਮੌਜੂਦਗੀ ਵੀ ਜ਼ਰੂਰੀ ਹੁੰਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਮਾਧਿਅਮ ਰਾਹੀਂ ਕਈ ਲੋਕ ਬਿਨ੍ਹਾਂ ਡਾਕਟਰੀ ਪਰਚੀ ਤੋਂ ਨਸ਼ੀਲੀਆਂ ਦਵਾਈਆਂ ਮੰਗਵਾ ਰਹੇ ਹਨ, ਜੋ ਪੰਜਾਬ 'ਚ ਨਸ਼ੇ ਨੂੰ ਰੋਕਣ ਦੀ ਮੁਹਿੰਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਹਸਪਤਾਲਾਂ 'ਚ ਮੌਜੂਦ ਡਰੱਗ ਸਟੋਰ ਖੁੱਲ੍ਹੇ ਰਹਿਣਗੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਯੂਨੀਅਨ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ 19 ਮਈ ਤੱਕ ਕੈਮਿਸਟ ਆਪਣੀਆਂ ਬਾਂਹਾਂ 'ਤੇ ਕਾਲੀ ਪੱਟੀ ਬੰਨ੍ਹ ਕੇ ਦਵਾਈਆਂ ਦੀ ਵਿਕਰੀ ਕਰਨਗੇ | ਇਸ ਮੌਕੇ ਪ੍ਰਧਾਨ ਬਲਦੇਵ ਕਿ੍ਸ਼ਨ ਖੁਰਾਣਾ ਤੋਂ ਇਲਾਵਾ ਸਕੱਤਰ ਸੰਜੀਵ ਨਾਰੰਗ, ਖ਼ਜ਼ਾਨਚੀ ਭੂਪੇਂਦਰ ਗੋਇਲ, ਸੁਰਜੀਤ ਸਿੰਘ ਹਾਜ਼ਰ ਸਨ |