ਕੁਹਾੜਾ, 19 ਮਈ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਤੇ ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਸਕੂਲੀ ਬੱਚੇ ਖ਼ਾਸ ਤੌਰ 'ਤੇ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਈ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਈ ਬੱਚੇ ਸਕੂਲਾਂ 'ਚ ਦੂਰ ਤੋਂ ਆਉਂਦੇ ਹਨ ਤੇ ਬਿਜਲੀ ਦੇ ਲਗਾਤਾਰ ਕੱਟ ਵੀ ਲੱਗ ਰਹੇ ਹਨ ਜਿਸ ਕਾਰਨ ਬੱਚੇ ਬਿਮਾਰ ਹੋ ਰਹੇ ਹਨ | ਪੰਜਾਬ ਵਿੱਚ 15 ਮਈ ਤੋਂ ਜਨਗਣਨਾ ਸ਼ੁਰੂ ਹੋ ਚੁੱਕੀ ਹੈ ਪਰ ਸਕੂਲਾਂ 'ਚ ਛੁੱਟੀਆਂ ਨਾ ਹੋਣ ਕਰਕੇ ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਹੀ ਜਨਗਣਨਾ ਕਰਨੀ ਪੈ ਰਹੀ ਹੈ | ਜਨਗਣਨਾ ਡਿਊਟੀ ਦੌਰਾਨ ਕਈ ਅਧਿਆਪਕਾ ਨੂੰ ਉਮੀਦ ਤੋ ਜ਼ਿਆਦਾ ਘਰ ਮਿਲੇ ਹਨ ਜਿਸ ਕਾਰਨ ਸਕੂਲ ਸਮੇਂ ਤੋਂ ਬਾਅਦ ਏਨ੍ਹੀ ਗਰਮੀ ਵਿੱਚ ਜਨਗਣਨਾ ਕਰਨਾ ਸੰਭਵ ਨਹੀਂ ਹੈ | ਇਹਨਾਂ ਸਾਰੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਸਕੂਲਾਂ 'ਚ ਜਲਦ ਤੋਂ ਜਲਦ ਛੁੱਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ |