ਪਾਇਲ, 19 ਮਈ (ਪੱਤਰ ਪ੍ਰੇਰਕਾਂ ਰਾਹੀਂ)-ਆਕਸਫੋਰਡ ਸੀਨੀਅਰ ਸਕੂਲ ਪਾਇਲ 'ਚ ਦੂਜੀ ਆਕਸਫੋਰਡ ਸ਼ੂਟਿੰਗ ਚੈਂਪੀਅਨਸ਼ਿਪ 2026 ਜੋ 15 ਮਈ ਤੋਂ 17 ਮਈ ਤੱਕ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਲਗਭਗ 300 ਖਿਡਾਰੀਆਂ ਨੇ ਭਾਗ ਲੈਂਦੇ ਹੋਏ ਆਪਣੀ ਖੇਡ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਚੈਂਪੀਅਨਸ਼ਿਪ ਦੇ ਵੱਖ-ਵੱਖ ਵਰਗਾਂ ਵਿੱਚ ਜੇਤੂ ਖਿਡਾਰੀਆਂ ਨੇ ਹੇਠ ਲਿਖੇ ਅਨੁਸਾਰ ਮੈਡਲ ਹਾਸਲ ਕੀਤੇ | ਆਈ. ਓ. ਸੀ ਫਾਈਨਲ - ਰਾਈਫ਼ਲ ਆਈ ਐਸ ਐਸ. ਐਫ. ਵਿੱਚ ਨਾਮਿਕਾ ਨੇ ਗੋਲਡ ਮੈਡਲ, ਸਮਾਇਰਾ ਨੇ ਸਿਲਵਰ ਮੈਡਲ ਅਤੇ ਹੇਲਸੇਲ ਨੇ ਬਰਾਂਜ਼ ਮੈਡਲ ਹਾਸਿਲ ਕੀਤਾ | ਇਸੇ ਤਰ੍ਹਾਂ ਸੀ. ਆਰ ਸੀ ਫਾਈਨਲ - ਰਾਈਫਲ ਐਨ ਆਰ ਵਿੱਚ ਕਮਲਪ੍ਰੀਤ ਕੌਰ ਨੇ ਗੋਲਡ ਮੈਡਲ, ਉਸਨੀਕ ਕੌਰ ਨੇ ਸਿਲਵਰ ਮੈਡਲ ਅਤੇ ਰਿਚਾ ਸ਼ਰਮਾ ਨੇ ਬਰਾਂਜ਼ ਮੈਡਲ ਆਪਣੇ ਨਾਮ ਕੀਤਾ | ਆਲ ਪਿਸਟਲ ਆਈ. ਐਸ. ਐਸ ਮੁਕਾਬਲਿਆਂ ਵਿੱਚ ਗਾਹਨ ਨੇ ਗੋਲਡ ਮੈਡਲ, ਵਾਂਸ਼ ਨੇ ਸਿਲਵਰ ਮੈਡਲ ਅਤੇ ਅਮਨਬੀਰ ਨੇ ਬਰਾਂਜ਼ ਮੈਡਲ ਜਿੱਤਿਆ | ਜਦਕਿ ਆਲ ਪਿਸਟਲ ਐਨ ਆਰ ਵਿੱਚ ਦੀਪ ਪ੍ਰਤਾਪ ਨੇ ਗੋਲਡ ਮੈਡਲ, ਕਮਲ ਨੇ ਸਿਲਵਰ ਮੈਡਲ ਅਤੇ ਉਦੈ ਸਿੰਘ ਨੇ ਬਰਾਂਜ਼ ਮੈਡਲ ਹਾਸਲ ਕੀਤਾ |ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਾਰੇ ਟੂਰਨਾਮੈਂਟ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ |ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦੇ ਹੋਏ ਡੀ ਐਸ ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਖਿਡਾਰੀਆਂ ਦਾ ਭਰਪੂਰ ਹੌਸਲਾ ਵਧਾਇਆ | ਸਕੂਲ ਦੇ ਸ਼ੂਟਿੰਗ ਕੋਚ ਮਨਜੀਤ ਸਿੰਘ ਦੀ ਟੀਮ ਵੱਲੋਂ ਦੂਰੋਂ ਨੇੜੀਓ ਆਏ ਹੋਏ ਸਾਰੇ ਖਿਡਾਰੀਆਂ ਦੀ ਹਰ ਸੁੱਖ ਸਹੂਲਤਾਂ ਦਾ ਬਾਖ਼ੂਬੀ ਧਿਆਨ ਰੱਖਿਆ ਗਿਆ | ਇਨਾਮਾਂ ਦੀ ਵੰਡ ਕਰਦਿਆਂ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ, ਮੈਨੇਜਰ ਸੁਰਜੀਤ ਸਿੰਘ ਗਿੱਲ ਵੱਲੋਂ ਸਾਰੇ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗਿਆ |