ਰਾੜਾ ਸਾਹਿਬ, 19 ਮਈ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਵਿਖੇ ਨਵੀਂ ਬਣੀ ਸੜਕ ਦੇ ਕੁੱਝ ਘੰਟਿਆਂ ਬਾਅਦ ਹੀ ਖਿੱਲਰ ਜਾਣ ਸੰਬੰਧੀ ਖ਼ਬਰ ਅੱਜ 'ਅਜੀਤ' ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਿਤ ਵਿਭਾਗ ਤੁਰੰਤ ਹਰਕਤ ਵਿੱਚ ਆਇਆ | ਖ਼ਬਰ ਛਪਣ ਉਪਰੰਤ ਵਿਭਾਗੀ ਅਧਿਕਾਰੀਆਂ ਅਤੇ ਸੰਬੰਧਿਤ ਠੇਕੇਦਾਰ ਨੇ ਮੌਕੇ ਦਾ ਦੌਰਾ ਕਰਦੇ ਹੋਏ ਸੜਕ ਉੱਤੇ ਦੁਬਾਰਾ ਮੈਟੀਰੀਅਲ ਪਵਾ ਕੇ ਉਸਦੀ ਮੁਰੰਮਤ ਕਰਵਾ ਦਿੱਤੀ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਬਣਾਈ ਗਈ ਸੜਕ ਦੀ ਗੁਣਵੱਤਾ ਉੱਤੇ ਸਵਾਲ ਖੜ੍ਹੇ ਹੋ ਰਹੇ ਸਨ ਕਿਉਂਕਿ ਸੜਕ ਬਣਨ ਦੇ ਕੁੱਝ ਸਮੇਂ ਬਾਅਦ ਹੀ ਪਾਇਆ ਗਿਆ ਮੈਟੀਰੀਅਲ ਖਿੱਲਰਨਾ ਸ਼ੁਰੂ ਹੋ ਗਿਆ ਸੀ | 'ਅਜੀਤ' ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਸੰਬੰਧਿਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਸੜਕ ਨੂੰ ਦੁਬਾਰਾ ਠੀਕ ਕਰਵਾਇਆ ਹੈ | ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ, ਰਾਹਗੀਰਾਂ ਅਤੇ ਸਥਾਨਕ ਦੁਕਾਨਦਾਰਾਂ ਨੇ ਖ਼ਬਰ ਦਾ ਨੋਟਿਸ ਲੈ ਕੇ ਤੁਰੰਤ ਕਾਰਵਾਈ ਕਰਨ ਲਈ ਅਜੀਤ ਅਖ਼ਬਾਰ ਦੀ ਭੂਮਿਕਾ ਦੀ ਸਰਾਹਣਾ ਕੀਤੀ | ਸੜ੍ਹਕ 'ਤੇ ਦੁਬਾਰਾ ਮੈਟੀਰੀਅਲ ਤਾਂ ਜ਼ਰੂਰ ਪਾ ਦਿੱਤਾ ਗਿਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸੜਕ ਕਿੰਨਾ ਸਮਾਂ ਚੱਲਦੀ ਹੈ ਜਿਸਦੀ ਚਰਚਾ ਚੱਲ ਰਹੀ ਹੈ |