30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪ੍ਰਾਈਵੇਟ ਬੈਂਕ ਦਾ ਕਰਮਚਾਰੀ ਆਪਣੇ ਹੀ ਗਾਹਕਾਂ ਨਾਲ ਖੇਡ ਰਿਹਾ ਸੀ ਕ੍ਰੈਡਿਟ ਕਾਰਡ ਠੱਗੀ ਦਾ ਖੇਡ

ਅਜੀਤ ਡੈਸਕ 05-06-2026
ਜਗਰਾਉਂ, 4 ਜੂਨ (ਗੁਰਦੀਪ ਸਿੰਘ ਮਲਕ)-ਤਹਿਸੀਲ ਰੋਡ 'ਤੇ ਐੱਸ.ਐੱਸ.ਪੀ. ਦਫ਼ਤਰ ਦੇ ਸਾਹਮਣੇ ਸਥਿਤ ਇਕ ਪ੍ਰਾਈਵੇਟ ਬੈਂਕ ਦੇ ਕਰਮਚਾਰੀ ਦੀਆਂ ਕਰਤੂਤਾਂ ਨੇ ਬੈਂਕਿੰਗ ਪ੍ਰਣਾਲੀ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ | ਬੈਂਕ ਦਾ ਭਰੋਸੇਯੋਗ ਮੰਨਿਆ ਜਾਣ ਵਾਲਾ ਇਹ ਕਰਮਚਾਰੀ ਕਥਿਤ ਤੌਰ 'ਤੇ ਆਪਣੇ ਹੀ ਬੈਂਕ ਦੇ ਕਈ ਗਾਹਕਾਂ ਨੂੰ ਮਹੀਨਿਆਂ ਤੱਕ ਨਿਸ਼ਾਨਾ ਬਣਾਉਂਦਾ ਰਿਹਾ, ਪਰ ਬੈਂਕ ਦੇ ਹੋਰ ਕਰਮਚਾਰੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ | ਦੋਸ਼ ਹੈ ਕਿ ਉਹ ਕ੍ਰੈਡਿਟ ਕਾਰਡ ਨਾਲ ਸਬੰਧਤ ਸੇਵਾਵਾਂ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਕਰਦਾ ਰਿਹਾ, ਜਿਸ ਦਾ ਹੁਣ ਜਾ ਕੇ ਪਰਦਾਫਾਸ਼ ਹੋਇਆ ਹੈ | ਪੁਲਿਸ ਨੂੰ ਮੁਲਜ਼ਮ ਖ਼ਿਲਾਫ਼ ਹੁਣ ਤੱਕ 7 ਲਿਖਤੀ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਰਮਚਾਰੀ ਗਾਹਕਾਂ ਨੂੰ ਕ੍ਰੈਡਿਟ ਕਾਰਡ ਬਣਵਾਉਣ, ਉਸ ਦੀ ਲਿਮਿਟ ਵਧਵਾਉਣ, ਕਿਸ਼ਤਾਂ ਬਣਵਾਉਣ ਜਾਂ ਕਾਰਡ ਬੰਦ ਕਰਵਾਉਣ ਦੇ ਬਹਾਨੇ ਆਪਣੇ ਜਾਲ 'ਚ ਫਸਾਉਂਦਾ ਸੀ | ਇਸ ਤੋਂ ਬਾਅਦ ਉਹ ਗਾਹਕਾਂ ਦੇ ਮੋਬਾਈਲ 'ਤੇ ਆਉਣ ਵਾਲੇ ਓ.ਟੀ.ਪੀ. ਹਾਸਿਲ ਕਰ ਕੇ ਉਨ੍ਹਾਂ ਦੇ ਕ੍ਰੈਡਿਟ ਕਾਰਡ 'ਤੇ ਪੂਰਾ ਕੰਟਰੋਲ ਕਰ ਲੈਂਦਾ ਸੀ | ਵੀਰਵਾਰ ਨੂੰ ਐੱਸ.ਐੱਸ.ਪੀ. ਦਫ਼ਤਰ ਪੁੱਜੀ ਪਿੰਡ ਛੱਜਾਵਾਲ ਦੀ ਰਹਿਣ ਵਾਲੀ ਪਰਮਿੰਦਰ ਕੌਰ ਨੇ ਸਾਈਬਰ ਕ੍ਰਾਈਮ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਆਪਣਾ ਕ੍ਰੈਡਿਟ ਕਾਰਡ ਬੰਦ ਕਰਵਾਉਣ ਲਈ ਬੈਂਕ ਗਈ ਸੀ | ਉੱਥੇ ਮੌਜੂਦ ਕਰਮਚਾਰੀ ਨੇ ਪ੍ਰਕਿਰਿਆ ਪੂਰੀ ਕਰਨ ਦੇ ਨਾਂਅ 'ਤੇ ਉਸ ਤੋਂ ਓ.ਟੀ.ਪੀ. ਲੈ ਲਿਆ ਅਤੇ ਬਾਅਦ ਵਿਚ ਕਾਰਡ ਨਾਲ ਜੁੜਿਆ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਬਦਲ ਦਿੱਤੀ | ਇਸ ਤੋਂ ਬਾਅਦ ਕਾਰਡ 'ਚੋਂ 44,500 ਰੁਪਏ ਕੱਢ ਲਏ ਗਏ | ਮਹਿਲਾ ਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਕਈ ਮਹੀਨਿਆਂ ਬਾਅਦ ਬੈਂਕ ਦੇ ਰਿਕਵਰੀ ਏਜੰਟ ਬਕਾਇਆ ਰਕਮ ਦੀ ਵਸੂਲੀ ਲਈ ਉਸ ਦੇ ਘਰ ਪਹੁੰਚੇ | ਜਦੋਂ ਉਸ ਨੇ ਬੈਂਕ ਜਾ ਕੇ ਜਾਣਕਾਰੀ ਹਾਸਿਲ ਕੀਤੀ ਤਾਂ 44,500 ਰੁਪਏ ਦੀ ਰਕਮ ਵਿਆਜ ਸਮੇਤ ਵੱਧ ਕੇ ਲਗਭਗ 80 ਹਜ਼ਾਰ ਰੁਪਏ ਹੋ ਚੁੱਕੀ ਸੀ | ਕੁਝ ਦਿਨ ਪਹਿਲਾਂ ਜਗਰਾਉਂ ਦੇ ਕੁੱਕੜ ਚੌਕ ਵਿਚ ਟੇਲਰ ਦੀ ਦੁਕਾਨ ਚਲਾਉਣ ਵਾਲੇ ਸਤਿੰਦਰ ਸਿੰਘ ਨੇ ਵੀ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਇਸੇ ਕਰਮਚਾਰੀ 'ਤੇ ਗੰਭੀਰ ਦੋਸ਼ ਲਗਾਏ ਸਨ | ਸ਼ਿਕਾਇਤ ਅਨੁਸਾਰ ਉਹ ਆਪਣੇ ਕ੍ਰੈਡਿਟ ਕਾਰਡ ਵਿਚੋਂ ਕੱਢੇ 50 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਬਣਵਾਉਣ ਲਈ ਬੈਂਕ ਗਿਆ ਸੀ | ਇਸ ਦੌਰਾਨ ਕਰਮਚਾਰੀ ਨੇ ਉਸ ਦੇ ਮੋਬਾਈਲ 'ਤੇ ਆਏ ਓ.ਟੀ.ਪੀ. ਹਾਸਲ ਕਰ ਲਏ ਅਤੇ ਬਾਅਦ ਵਿਚ ਉਸ ਦਾ ਕ੍ਰੈਡਿਟ ਕਾਰਡ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ | ਦੋਸ਼ ਹੈ ਕਿ ਮੁਲਜ਼ਮ ਨੇ ਕਾਰਡ ਦੀ ਕਰੀਬ 2 ਲੱਖ ਰੁਪਏ ਦੀ ਲਿਮਿਟ ਵਿਚੋਂ ਬਾਕੀ ਡੇਢ ਲੱਖ ਰੁਪਏ ਤੋਂ ਵੱਧ ਦੀ ਰਕਮ ਵੀ ਕੱਢ ਲਈ | ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜਗਰੂਪ ਸਿੰਘ ਮੁਤਾਬਕ ਮੁਲਜ਼ਮ ਦਾ ਤਰੀਕਾ ਲਗਭਗ ਹਰ ਮਾਮਲੇ ਵਿਚ ਇਕੋ ਜਿਹਾ ਸੀ | ਉਹ ਪਹਿਲਾਂ ਗਾਹਕਾਂ ਦਾ ਭਰੋਸਾ ਜਿੱਤਦਾ, ਫਿਰ ਓ.ਟੀ.ਪੀ. ਲੈ ਕੇ ਉਨ੍ਹਾਂ ਦੇ ਕ੍ਰੈਡਿਟ ਕਾਰਡ ਨਾਲ ਜੁੜੇ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਬਦਲ ਦਿੰਦਾ ਸੀ | ਇਸ ਤੋਂ ਬਾਅਦ ਕਾਰਡ ਦੀ ਲਿਮਿਟ ਮੁਤਾਬਕ ਰਕਮ ਕੱਢ ਲੈਂਦਾ, ਲੋਨ ਲੈ ਲੈਂਦਾ ਜਾਂ ਖ਼ਰੀਦਦਾਰੀ ਕਰਦਾ ਸੀ, ਪਰ ਭੁਗਤਾਨ ਨਹੀਂ ਕਰਦਾ ਸੀ | ਲਗਾਤਾਰ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਦੇ ਵਿਚਕਾਰ ਮੁਲਜ਼ਮ ਕਰਮਚਾਰੀ ਬੈਂਕ ਦੀ ਨੌਕਰੀ ਛੱਡ ਕੇ ਚਲਾ ਗਿਆ | ਸਾਈਬਰ ਕ੍ਰਾਈਮ ਪੁਲਿਸ ਦੇ ਏ.ਐੱਸ.ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੈਂਕ ਦੇ ਇਕ ਹੀ ਕਰਮਚਾਰੀ ਖ਼ਿਲਾਫ਼ ਹੁਣ ਤੱਕ 7 ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਹੋਰ ਸ਼ਿਕਾਇਤਾਂ ਵੀ ਸਾਹਮਣੇ ਆ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਹੰਬੜਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਉਣ ਦਾ ਕੀਤਾ ਆਗਾਜ਼ ਅਗਲੀ ਖ਼ਬਰ 'ਆਪ' ਸਰਕਾਰ ਵਿਕਾਸ ਪ੍ਰਾਜੈਕਟ ਪੂਰੇ ਕਰਵਾਉਣ ਲਈ ਵਚਨਬੱਧ-ਵਿਧਾਇਕ ਠੇਕੇਦਾਰ ਹਾਕਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।