24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗ੍ਰੀਨ ਪੰਜਾਬ ਮਿਸ਼ਨ ਵਲੋਂ ਜਗਰਾਉਂ ਵਿਖੇ ਵਾਤਾਵਰਨ ਚੇਤਨਾ ਰੈਲੀ ਕਰਕੇ ਵਾਤਾਵਰਨ ਬਚਾਉਣ ਦਾ ਸੱਦਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ 'ਪਲਾਸਟਿਕ ਛੱਡੋ, ਕੱਪੜੇ ਦੇ ਥੈਲੇ ਅਪਣਾਓ' ਦਾ ਹੋਕਾ <br/>

ਅਜੀਤ ਡੈਸਕ 06-06-2026
ਜਗਰਾਉਂ, 5 ਜੂਨ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਜਗਰਾਉਂ ਦੀਆਂ ਸੜਕਾਂ 'ਤੇ ਗਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਵਲੋਂ ਇਕ ਵਿਸ਼ਾਲ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ ਗਈ | ਇਸ ਰੈਲੀ ਦਾ ਮੁੱਖ ਮਨੋਰਥ ਲੋਕਾਂ ਦੇ ਮਨਾਂ 'ਚ ਕੁਦਰਤ ਪ੍ਰਤੀ ਪਿਆਰ , ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁਰੱਖਿਅਤ ਤੇ ਹਰਿਆ-ਭਰਿਆ ਭਵਿੱਖ ਸਿਰਜਣ ਦਾ ਸੁਨੇਹਾ ਪਹੁੰਚਾਉਣਾ ਸੀ | ਇਹ ਜਾਗਰੂਕਤਾ ਰੈਲੀ ਸ੍ਰੀ ਦਵਾਰਕਾਧੀਸ਼ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਪ੍ਰਮੁੱਖ ਚੌਕਾਂ, ਬਾਜ਼ਾਰਾਂ ਅਤੇ ਗਲੀਆਂ 'ਚੋਂ ਹੁੰਦੀ ਹੋਈ ਲਾਲਾ ਲਾਜਪਤ ਰਾਏ ਕਮੇਟੀ ਪਾਰਕ ਵਿਖੇ ਸਮਾਪਤ ਹੋਈ | ਰੈਲੀ ਦੌਰਾਨ ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀਆਂ, ਧਾਰਮਿਕ ਅਤੇ ਸਿੱਖਿਆਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿਚ ਬੱਚਿਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਰੈਲੀ ਦੌਰਾਨ ਬੱਚਿਆਂ ਵਲੋਂ ਤਿਆਰ ਕੀਤੇ ਗਏ ਸੁੰਦਰ ਪੋਸਟਰ ਅਤੇ ਪ੍ਰਭਾਵਸ਼ਾਲੀ ਸਲੋਗਨ ਖਿੱਚ ਦਾ ਕੇਂਦਰ ਰਹੇ | ਨੰਨੇ੍ਹ-ਮੁੰਨੇ੍ਹ ਬੱਚਿਆਂ ਨੇ ਸੰਦੇਸ਼ ਭਰੇ ਸ਼ਬਦਾਂ ਰਾਹੀਂ ਵਾਤਾਵਰਣ ਪ੍ਰਤੀ ਅਵੇਸਲੇ ਲੋਕਾਂ ਨੂੰ ਰੁੱਖ ਲਾਉਣ, ਪਾਣੀ ਬਚਾਉਣ, ਪ੍ਰਦੂਸ਼ਣ ਰੋਕਣ ਅਤੇ ਧਰਤੀ ਮਾਂ ਦੀ ਸੰਭਾਲ ਕਰਨ ਲਈ ਹਲੂਣਿਆ | ਵਧੀਆ ਸਲੋਗਨ ਅਤੇ ਪੋਸਟਰ ਤਿਆਰ ਕਰਨ ਵਾਲੇ ਬੱਚਿਆਂ ਨੂੰ ਸੰਸਥਾ ਵਲੋਂ ਸਨਮਾਨਿਤ ਵੀ ਕੀਤਾ ਗਿਆ | ਸੱਤਪਾਲ ਸਿੰਘ ਦੇਹੜਕਾ, ਮੈਡਮ ਕੰਚਨ ਗੁਪਤਾ ਅਤੇ ਸ਼ਿਲਪਾ ਸ਼ਰਮਾ ਨੇ ਕਿਹਾ ਕਿ ਸਾਫ਼-ਸੁਥਰਾ, ਪ੍ਰਦੂਸ਼ਣ-ਮੁਕਤ ਅਤੇ ਹਰਿਆ-ਭਰਿਆ ਵਾਤਾਵਰਨ ਹੀ ਇਕ ਤੰਦਰੁਸਤ, ਖੁਸ਼ਹਾਲ ਅਤੇ ਵਿਕਸਤ ਸਮਾਜ ਦੀ ਮਜ਼ਬੂਤ ਨੀਂਹ ਹੁੰਦਾ ਹੈ | ਇਸ ਮੌਕੇ ਪਲਾਸਟਿਕ ਨੂੰ ਨਾਂਹ ਆਖਦਿਆਂ ਸੰਸਥਾ ਨੇ ਕੱਪੜੇ ਦੇ ਥੈਲਿਆਂ ਵਿਚ ਬੂਟਿਆਂ ਦੀ ਵੰਡ ਕਰਕੇ ਇਕ ਅਨੋਖਾ ਅਤੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ | ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਲਿਫ਼ਾਫਿਆਂ ਦੀ ਥਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਅਪਣਾਈ ਜਾਵੇ | ਸਮਾਜ ਸੇਵਾ ਦੀ ਸੁੰਦਰ ਮਿਸਾਲ ਪੇਸ਼ ਕਰਦਿਆਂ 'ਕਰ ਭਲਾ ਹੋ ਭਲਾ' ਟੀਮ ਵਲੋਂ ਸਾਰੇ ਬੱਚਿਆਂ ਅਤੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ, ਜਦਕਿ ਬੂਟਿਆਂ ਦੀ ਸੇਵਾ ਹਰਿੰਦਰਜੀਤ ਸਿੰਘ ਭੁੱਲਰ ਅਤੇ ਰਜਿੰਦਰ ਜੈਨ (ਕਾਕਾ) ਵਲੋਂ ਨਿਭਾਈ ਗਈ | ਇਸ ਉਪਰਾਲੇ ਨੇ ਵਾਤਾਵਰਨ ਪ੍ਰਤੀ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ | ਰੈਲੀ ਦੌਰਾਨ ਲਾਲਾ ਲਾਜਪਤ ਰਾਏ ਚੈਰੀਟੇਬਲ ਵੈਲਫੇਅਰ ਸੋਸਾਇਟੀ ਸਮੇਤ ਕਈ ਹੋਰ ਸਮਾਜਿਕ ਸੰਸਥਾਵਾਂ ਨੇ ਵੀ ਸਰਗਰਮ ਭੂਮਿਕਾ ਨਿਭਾਈ | ਮੰਚ ਦਾ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ |

ਪਿਛਲੀ ਖ਼ਬਰ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਸਮਾਗਮ ਅੱਜ <br/> ਅਗਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨਾਲ ਵੱਡੀ ਗਿਣਤੀ 'ਚ ਲੋਕ ਜੁੜ ਰਹੇ ਹਨ-ਬੱਲ ਹੰਬੜਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।