ਜਗਰਾਉਂ, 16 ਜੂਨ ( ਹਰਵਿੰਦਰ ਸਿੰਘ ਖ਼ਾਲਸਾ)- ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਐਡਮਿੰਟਨ ਵਿਖੇ ਸਮਾਗਮ ਹੋਇਆ। ਇਸ ਸਮਾਗਮ ਵਿਚ ਮਹਾਂਪੁਰਖਾਂ ਤੋਂ ਵਰੋਸਾਏ ਅਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਦਾ ਪਹੁੰਚਣ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਕਾਸ਼ ਕਰਵਾਏ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ। ਇਸ ਦੌਰਾਨ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਮਨੁੱਖ ਜਨਮ ਤੋਂ ਤਾਂ ਸਾਫ਼ ਮਨ ਵਾਲਾ ਹੁੰਦਾ ਹੈ ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਤਿਉਂ- ਤਿਉਂ ਇਨਸਾਨੀਅਤ ਕਦਰਾਂ ਕੀਮਤਾਂ ਤੋਂ ਭੱਜਿਆ ਇਹ ਸਮਾਜ ਉਸ ਅੰਦਰ ਜਾਤ-ਪਾਤ ਦੀ ਗੰਦਗੀ ਭਰਦਾ ਰਹਿੰਦਾ ਹੈ। ਇਨ੍ਹਾਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਗੁਰੂ ਸਾਹਿਬਾਨਾਂ ਨੇ ਨਕਾਰਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਾਨੂੰ ਕਦਮ- ਕਦਮ ’ਤੇ ਸਮਝਾਉਂਦੀ ਹੈ ਕਿ ਅਸੀਂ ਸਭ ਇਕ ਅਕਾਲ ਪੁਰਖ ਦੀ ਸੰਤਾਨ ਹਾਂ। ਉਨ੍ਹਾਂ ਸੰਗਤਾਂ ਨੂੰ ਇਕ ਚੰਗਾ ਇਨਸਾਨ ਬਣਨ ਲਈ ਆਖਿਆ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਹਾਂਪੁਰਖਾਂ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਨ੍ਹਾਂ ਨੇ ਪੂਰਾ ਜੀਵਨ ਮਨੁੱਖ ਨੂੰ ਮਨੁੱਖ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਗੋਬਿੰਦ ਸਿੰਘ ਧਾਲੀਵਾਲ, ਜਗਦੀਪ ਸਿੰਘ ਗਰੇਵਾਲ, ਨਵਦੀਪ ਸਿੰਘ ਧਾਲੀਵਾਲ, ਹਰਮਨਪ੍ਰੀਤ ਸਿੰਘ ਧਾਲੀਵਾਲ, ਪੂਰਨ ਸਿੰਘ ਗਿੱਲ, ਭੁਪਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਮਨੁੱਖ ਜਨਮ ਤੋਂ ਸਾਫ਼ ਮਨ ਵਾਲਾ ਹੁੰਦਾ ਹੈ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ
ਅਜੀਤ ਡੈਸਕ
17-06-2026