ਮਜੀਠਾ, 16 ਜੂਨ (ਜਗਤਾਰ ਸਿੰਘ ਸਹਿਮੀ) -ਪਿਛਲੇ ਨੌ ਦਿਨਾਂ ਤੋਂ ਖੇਤੀ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਠੱਪ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਲੁੱਧੜ ਦੇ ਪ੍ਰਧਾਨ ਅਮਰੀਕ ਸਿੰਘ ਦੀ ਸਾਂਝੀ ਅਗਵਾਈ ਹੇਠ ਪਿੰਡ ਰੱਖਨਾਗ ਵਿਖੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ । ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਆਈ ਤੇਜ਼ ਹਨ੍ਹੇਰੀ ਕਾਰਨ ਇਲਾਕੇ ਵਿਚ ਬਹੁਤ ਸਾਰੇ ਬਿਜਲੀ ਦੇ ਟ੍ਰਾਂਸਫਾਰਮਰ ਤੇ ਬਿਜਲੀ ਦੇ ਖੰਭੇ ਡਿੱਗ ਕੇ ਨੁਕਸਾਨੇ ਗਏ ਹਨ, ਪਰ ਅੱਜ 9 ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਬਿਜਲੀ ਵਿਭਾਗ ਵਲੋਂ ਇਨ੍ਹਾਂ ਨੂੰ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਨਾਗ ਕਲਾਂ, ਰੱਖ ਨਾਗ, ਲੁੱਧੜ, ਡੱਡੀਆਂ ਤੇ ਜਹਾਂਗੀਰ ਦੇ ਸਾਂਝੇ ਖੇਤੀ ਰਕਬੇ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲਗਭਗ 300 ਟਿਊਬਵੈੱਲ ਬੰਦ ਪਏ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਨੂੰ ਜਲਦ ਬਹਾਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਹੋਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਰਣਜੀਤ ਸਿੰਘ ਸਰਪੰਚ ਰੱਖ ਨਾਗ, ਜਗਰੂਪ ਸਿੰਘ ਮੈਂਬਰ, ਗੁਰਮੇਜ ਸਿੰਘ ਮੈਂਬਰ, ਬਿਕਰਮਜੀਤ ਸਿੰਘ ਮੈਂਬਰ, ਗੁਰਬੀਰ ਸਿੰਘ ਮੈਂਬਰ, ਸੁਰਜੀਤ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਜਨਦੀਪ ਸਿੰਘ, ਕਵਲਜੀਤ ਸਿੰਘ, ਦਲਜੋਤ ਸਿੰਘ ਡੱਡੀਆਂ, ਸੁਖਦੇਵ ਸਿੰਘ, ਹਰਵਿੰਦਰ ਸਿੰਘ ਡੱਡੀਆਂ, ਮਨਰਾਜ ਸਿੰਘ, ਬਿਕਰਮਜੀਤ ਸਿੰਘ, ਪ੍ਰਭਪਾਲ ਡੱਡੀਆਂ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਡੱਡੀਆਂ, ਜੋਤ ਸਿੰਘ ਡੱਡੀਆਂ ਸਮੇਤ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
ਪਿੰਡ ਰੱਖਨਾਗ ਵਿਖੇ ਕਿਸਾਨਾਂ ਨੇ ਸਰਕਾਰ ਤੇ ਬਿਜਲੀ ਵਿਭਾਗ ਖਿਲਾਫ਼ ਕੀਤਾ ਰੋਸ ਮੁਜ਼ਾਹਰਾ
ਅਜੀਤ ਡੈਸਕ
17-06-2026