ਪੱਖੋਵਾਲ-ਸਰਾਭਾ, 17 ਜੂਨ ( ਖੁਸ਼ਵਿੰਦਰ ਸਿੰਘ ਸਰਾਭਾ) ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ‘ਚ ਚੱਲ ਰਹੇ ਐੱਸ. ਕੇ. ਐੱਸ. ਐੱਸ ਚੈਰੀਟੇਬਲ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਮੁਫ਼ਤ ਦਿਲ ਦੀਆਂ ਬਿਮਾਰੀ਼ਆਂ ਤੇ ਜਰਨਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਹਾਰਟ ਟਰਾਂਸਪਲਾਂਟ ਦੇ ਮਾਹਿਰ ਡਾਕਟਰ ਤੇ ਉੱਘੇ ਸਮਾਜਸੇਵੀ ਡਾ. ਸਵੈਮਾਨ ਸਿੰਘ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਅਤੇ ਉਨ੍ਹਾਂ ਦੇ ਜੱਦੀ ਘਰ ਵਿਖੇ ਨਤਮਸਤਕ ਹੁੰਦਿਆਂ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਅਨਮੋਲ ਸਰਮਾਇਆ ਹਨ, ਸਾਨੂੰ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਆਡੋਟੋਰੀਅਮ ‘ਚ ਰੱਖੇ ਪ੍ਰੋਗਰਾਮ ਦੌਰਾਨ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਦਿਲ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ਲਈ ਜਿੱਥੇ ਸਵੇਰ-ਸ਼ਾਮ ਸੈਰ ਤੇ ਹਲਕੀ ਕਸਰਤ ਕਰਨੀ ਚਾਹੀਦੀ, ਉੱਥੇ ਹੀ ਸੂਗਰ, ਬਲੱਡ ਪ੍ਰੈਸ਼ਰ ਤੇ ਮੋਟਾਪੇ ਨੂੰ ਕੰਟਰੋਲ ‘ਚ ਰੱਖਣ ਲਈ ਆਪਣੀ ਰਸੋਈ ਚੋ ਮੈਦਾ, ਲੂਣ ਤੇ ਚੀਨੀ ਵਰਗੀਆਂ ਨੁਕਸਾਨ ਦੇਹ ਵਸਤਾਂ ਨੂੰ ਵੀ ਹਮੇਸ਼ਾਂ ਲਈ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਸਮੁੱਚੇ ਪੰਜਾਬੀ ਇੱਕ ਸਿਹਤਮੰਦ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਇਸ ਮੌਕੇ ਉਨ੍ਹਾਂ ਦਾ ਸਰਾਭਾ ਪੁੱਜਣ ‘ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਵਾਈਸ ਚੇਅਰਮੈਨ ਅਵਤਾਰ ਸਿੰਘ ਤੇ ਸਮੂਹ ਟਰੱਸਟੀਆਂ ਨੇ ਭੇਟ ਕੀਤਾ। ਕੈਂਪ ਦੌਰਾਨ 185 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਿਸ ਦੌਰਾਨ 10 ਮਰੀਜ਼ ਨੂੰ ਅੱਧੇ ਰੇਟ ‘ਤੇ ਵੱਖ ਵੱਖ ਤਰਾਂ ਦੇ ਅਪ੍ਰੇਸ਼ਨ ਕਰਨ ਲਈ ਚੁਣਿਆ ਗਿਆ। ਇਸ ਮੌਕੇ 70 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਐਨਕਾਂ ਦਿੱਤੀਆਂ ਗਈਆਂ ਤੇ ਕੈਂਪ ਦੌਰਾਨ ਆਏ ਸਮੂਹ ਮਰੀਜ਼ਾਂ ਦੇ ਐਕਸ-ਰੇ, ਸੀ. ਟੀ ਸਕੈਨ ਤੇ ਅਲਟਰਾਂਸਾਊਂਡ ਤੇ ਲੈਬ ਟੈਸਟ ਵੀ ਅੱਧੇ ਰੇਟ ਤੇ ਕੀਤੇ ਗਏ। ਇਸ ਮੌਕੇ ਜਸਵਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਸਾਧੂ ਸਿੰਘ, ਬੀ.ਕੇ.ਯੂ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।
ਸਰਾਭਾ ਹਸਪਤਾਲ ’ਚ ਹਾਰਟ ਤੇ ਜਰਨਲ ਚੈੱਕਅੱਪ ਕੈਂਪ ਲਗਾਇਆ
ਅਜੀਤ ਡੈਸਕ
18-06-2026