ਐਵਰੇਜ ਆਧਾਰਿਤ ਰੀਡਿੰਗ ਸਦਕਾ ਬਹੁਗਿਣਤੀ ਬਿੱਲ ਆਏ ਮਨਫੀ
ਗੁਰੂਸਰ ਸੁਧਾਰ, 17 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਰੀਬ ਸਾਢੇ ਤਿੰਨ ਮਹੀਨੇ ਜਾਂ ਇਸ ਤੋਂ ਵਧੇਰੇ ਸਮੇਂ ਦੇ ਬੀਤਣ ਅਤੇ ਕਰਮਚਾਰੀਆਂ ਦੀ ਚੱਲ ਰਹੀ ਲੰਮੀ ਹੜਤਾਲ ਕਾਰਨ ਭਾਰੀ ਭਰਕਮ ਬਿਜਲੀ ਬਿੱਲ ਆਉਣ ਦਾ ਖੌਫ਼ ਮਨ ਵਿਚ ਵਸਾਈ ਬੈਠੇ ਬਿਜਲੀ ਦੇ ਬਹੁਗਿਣਤੀ ਘਰੇਲੂ ਖਪਤਕਾਰਾਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦ ਵਿਭਾਗ ਵਲੋਂ ਜਾਰੀ ਕੀਤੇ ਗਏ ਕਰੀਬ 90 ਦਿਨ ਦਾ ਬਿੱਲ ‘ਜ਼ੀਰੋ’ ਆਇਆ। ਹਾਲਾਂਕਿ ਜਾਰੀ ਕੀਤੇ ਗਏ ਲਗਭਗ 90 ਦਿਨਾਂ ਦੇ ਇਨ੍ਹਾਂ ਬਿੱਲਾਂ ਵਿਚ ਖ਼ਪਤ ਹੋਈਆਂ ਕੁੱਲ ਯੂਨਿਟਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਤੇ ਸ਼ਾਇਦ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਮਹਿਕਮੇ ਨੇ ਐਵਰੇਜ਼ ਆਧਾਰਿਤ ਯੂਨਿਟਾਂ ਨੂੰ ਦਰਸਾ ਕੇ (600 ਯੂਨਿਟ ਤੋਂ ਘੱਟ) ਆਮ ਘਰੇਲੂ ਖਪਤਕਾਰਾਂ ਦਾ ਇਕ ਤਰ੍ਹਾਂ ਦਿਲ ਜਿੱਤ ਲਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਇਹ ਬਿੱਲ ਸਿਰਫ਼ 88, 90 ਜਾਂ ਥੋੜ੍ਹੇ ਬਹੁਤ ਘੱਟ ਵੱਧ ਦਿਨਾਂ ਦੇ ਜਾਰੀ ਕੀਤੇ ਗਏ ਹਨ ਪ੍ਰੰਤੂ ਅਸਲ ਵਿਚ ਹੜਤਾਲ ਕਾਰਨ ਵੱਖ-ਵੱਖ ਸਰਕਲਾਂ ਵਿਚ ਕਰਮਚਾਰੀਆਂ ਵਲੋਂ ਸੈਂਕੜੇ ਤੋਂ ਵਧੇਰੇ ਦਿਨ ਬੀਤ ਗਏ ਹਨ ਕਿ ਮੀਟਰ ਬਕਸਿਆਂ ਵਿਚੋਂ ਬਕਾਇਆ ਰੀਡਿੰਗ (ਪੜ੍ਹਤ) ਨਹੀਂ ਲਈ ਗਈ ਹੈ ਨਹੀਂ ਤਾਂ ਅਸਲੀਅਤ ‘ਚ ਵੱਡੀ ਗਿਣਤੀ ਵਿਚ 600 ਯੂਨਿਟਾਂ ਤੋਂ ਵਧੇਰੇ ਖ਼ਪਤ ਕਰਨ ਵਾਲੇ ਲੋਕਾਂ ਜਾਂ ਪਰਿਵਾਰਾਂ ਦੇ ਬਿਜਲੀ ਬਿੱਲ ਆਉਣੇ ਯਕੀਨੀ ਸਨ। ਮਨਫੀ ਬਿਜਲੀ ਬਿੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਜਿਥੇ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਮੌਜੂਦਾ ‘ਆਪ’ ਸਰਕਾਰ ਲੋਕਾਂ ਉਪਰ ਬਿਜਲੀ ਬਿੱਲਾਂ ਦਾ ਆਰਥਿਕ ਬੋਝ ਪਾ ਕੇ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਉਥੇ ਹੁਣ ਅੱਗੇ ਇਹ ਵੀ ਦੇਖਣਾ ਹੋਵੇਗਾ ਕਿ ਅਗਲੇ ਦੋ ਮਹੀਨਿਆਂ ਬਾਅਦ ਜਾਰੀ ਹੋਣ ਵਾਲੇ ਬਿਜਲੀ ਬਿੱਲਾਂ ਵਿਚ ਸਰਕਾਰ ਜਾਂ ਬਿਜਲੀ ਮਹਿਕਮਾ ਖਪਤਕਾਰਾਂ ਦੀਆਂ ਵੱਧ ਮੱਚੀਆਂ ਯੂਨਿਟਾਂ ਨੂੰ ਕਿਸ ਤਰ੍ਹਾਂ ਐਡਜਸਟ ਕਰਦਾ ਹੈ। ਫਿਲਹਾਲ ਇਨ੍ਹਾਂ ਜ਼ੀਰੋ ਬਿੱਲਾਂ ਸਦਕਾ ਸਰਕਾਰ ਤੇ ਮਹਿਕਮਾ ਮਨਫੀ ਬਿੱਲ ਖਪਤਕਾਰਾਂ ਦੀ ਨਜ਼ਰ ਵਿਚ ‘ਹੀਰੋ’ ਬਣ ਕੇ ਵਿਸ਼ਵਾਸ਼ ਜਿੱਤਣ ਵਿਚ ਸਫ਼ਲ ਰਹੀ ਹੈ। ਉਧਰ ਸੰਭਾਵੀ ਬਿਜਲੀ ਬਿੱਲ ਆਉਣ ਦੀ ਆਸ ਰੱਖਣ ਵਾਲੇ ਖਪਤਕਾਰਾਂ ਵਿਚ ਜਿਥੇ ਜ਼ੀਰੋ ਬਿੱਲ ਆਉਣ ਦੀ ਖੁਸ਼ੀ ਪਾਈ ਜਾ ਰਹੀ ਹੈ ਉਥੇ ਇਸ ਸਬੰਧੀ ਦਫ਼ਤਰਾਂ ਦੇ ਚੱਕਰ ਕੱਟਣ ਤੇ ਸੰਪਰਕ ਕਰਨ ਵਾਲਿਆਂ ਨੂੰ ਉੱਚ ਅਧਿਕਾਰੀਆਂ ਐਕਸੀਅਨ ਤੇ ਹੋਰਨਾਂ ਵਲੋਂ ਧੀਰਜ, ਸਬਰ ਬਣਾਏ ਰੱਖਣ ਦੀਆਂ ਅਪੀਲਾਂ ਦਲੀਲਾਂ ਵੀ ਜ਼ੀਰੋ ਬਿੱਲਾਂ ਕਾਰਨ ਸਹੀ ਸਿੱਧ ਹੋ ਗਈਆਂ ਹਨ।
3 ਮਹੀਨਿਆਂ ਦੇ ਬਿੱਲ ‘ਜ਼ੀਰੋ’ ਜਾਰੀ ਕਰਕੇ ਸਰਕਾਰ ਤੇ ਮਹਿਕਮੇ ਨੇ ਦਿੱਤੀ ਵੱਡੀ ਰਾਹਤ
ਅਜੀਤ ਡੈਸਕ
18-06-2026