ਲੋਹਟਬੱਦੀ, 17 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਰਛੀਨ ਅਤੇ ਆਲੇ ਦੁਆਲੇ ਪਿੰਡਾਂ ‘ਚ ਖੇਤੀ ਸੈਕਟਰ ਨਾਲ ਸਬੰਧਿਤ ਟਰਾਂਸਫਰਮਰਾਂ ਦਾ ਵਾਰ-ਵਾਰ ਚੋਰੀ ਹੋਣਾ ਕਿਸਾਨਾਂ ਲਈ ਵੱਡੀ ਮੁਸ਼ੀਬਤ ਬਣਿਆ ਹੋਇਆ ਹੈ। ਜਿੱਥੇ ਚੋਰਾਂ ਵਲੋਂ ਟਰਾਂਸਫਰਮਰਾਂ ‘ਚੋਂ ਮਹਿੰਗਾ ਤੇਲ ਅਤੇ ਤਾਂਬਾ ਚੋਰੀ ਕਰਨ ਲਈ ਆਪਣੇ ਢੰਗ ਤਰੀਕੇ ਬਦਲੇ ਗਏ ਹਨ ਉੇੱਥੇ ਕਿਸਾਨ ਵੀ ਇਨ੍ਹਾਂ ਨੂੰ ਚੋਰਾਂ ਤੋਂ ਬਚਾਉਣ ਲਈ ਕੋਈ ਨਾ ਕੋਈ ਨਵਾਂ ਜੁਗਾੜ ਲੱਭ ਰਹੇ ਹਨ। ਇਸ ਦੇ ਚੱਲਦਿਆਂ ਹਾਲ ਹੀ ‘ਚ ਗੁਲਜਾਰ ਸਿੰਘ ਪੁੱਤਰ ਜਿਊਣ ਸਿੰਘ ਦੇ ਖੇਤਾਂ ਵਾਲਾ, ਬੰਤ ਸਿੰਘ ਰਛੀਨ, ਆਤਮਾ ਸਿੰਘ, ਹਰਭਜਨ ਸਿੰਘ ਦੇ ਖੇਤਾਂ ਵਿਚਲੇ ਟਰਾਂਸਫਰਮਾਂ ਦਾ ਤੇਲ ਕੱਢ ਕੇ ਲੈ ਗਏ। ਇਸ ਹਰਕਤ ਨਾਲ ਜਿੱੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਹਨ ਉੇੱਥੇ ਬਿਜਲੀ ਵਿਭਾਗ ਦਾ ਵੱਡਾ ਮਾਲੀ ਨੁਕਸਾਨ ਹੁੰਦਾ ਹੈ।ਇਸ ਘਟਨਾਕ੍ਰਮ ‘ਚ ਭਾਵੇਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ, ਪ੍ਰੰਤੂ ਅਜੇ ਤੱਕ ਅਜਿਹੇ ਚੋਰਾਂ ਦੀ ਸ਼ਨਾਖਤ ਕਰਨ ‘ਚ ਪੁਲਿਸ ਦੇ ਹੱਥ ਖਾਲੀ ਹੀ ਹਨ। ਇਸ ਸੰਦਰਭ ‘ਚ ਕੁਝ ਕਿਸਾਨ ਤਾਂ ਆਪਣੇ ਖੇਤਾਂ ‘ਚ ਲੱਗੇ ਟਰਾਂਸਫਰਮਰਾਂ ਨੂੰ ਆਪਣੀ ਟਰਾਲੀ, ਰੇਹੜਿਆਂ ‘ਚ ਲੱਦ ਕੇ ਲੈ ਜਾਂਦੇ ਹਨ ਅਤੇ ਲੋੜ ਪੈਣ ‘ਤੇ ਵਾਪਸ ਖੇਤਾਂ ‘ਚ ਲਿਆ ਰਹੇ ਹਨ।
ਟਰਾਂਸਫਰਮਰ ਚੋਰਾਂ ਦੀ ਦਹਿਸ਼ਤ ਕਾਰਨ ਕਿਸਾਨ ਟਰਾਂਸਫਰਮਰ ਘਰ ਲਿਜਾਣ ਲਈ ਮਜਬੂਰ
ਅਜੀਤ ਡੈਸਕ
18-06-2026