06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਚੋਪੜਾ ਹਸਪਤਾਲ ਡਕੈਤੀ ਮਾਮਲੇ ’ਚ ਮਾਸਟਰ ਮਾਈਂਂਡ ਨਿਕਲੀ ਡਾਕਟਰ ਦੀ ਨੂੰਹ -ਐੱਸ.ਐੱਸ.ਪੀ. ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ

ਅਜੀਤ ਡੈਸਕ 28-07-2026
ਜਗਰਾਉਂ, 27 ਜੁਲਾਈ (ਗੁਰਦੀਪ ਸਿੰਘ ਮਲਕ)-ਰਾਏਕੋਟ ਅੱਡੇ ਤੋਂ ਸ਼ਹਿਰ ਵੱਲ ਜਾਂਦੇ ਰਸਤੇ ‘ਤੇ ਸਥਿਤ ਚੋਪੜਾ ਹਸਪਤਾਲ ਵਿੱਚ 23 ਜੁਲਾਈ ਨੂੰ ਦਿਨ-ਦਿਹਾੜੇ ਹੋਈ ਸਨਸਨੀਖੇਜ਼ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਸੋਮਵਾਰ ਸ਼ਾਮ ਪੁਲਿਸ ਲਾਈਨ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਾਰਦਾਤ ਦੀ ਪੂਰੀ ਸਾਜ਼ਿਸ਼ ਕਿਸੇ ਨੌਜਵਾਨ ਨੇ ਨਹੀਂ, ਸਗੋਂ ਇੱਕ ਔਰਤ ਨੇ ਰਚੀ ਸੀ। ਪੁਲਿਸ ਨੇ ਮਾਮਲੇ ਦੀ ਮਾਸਟਰਮਾਈਂਡ ਪਵਨਪ੍ਰੀਤ ਕੌਰ ਉਰਫ਼ ਕਿਰਨਦੀਪ ਕੌਰ ਵਾਸੀ ਪਿੰਡ ਲੀਲਾ ਮੇਘ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ ਡਾ. ਵਿਜੈ ਚੋਪੜਾ ਦੀ ਸਾਬਕਾ ਨੂੰਹ, ਜਿਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ, ਨੇ ਹਸਪਤਾਲ ਦੀਆਂ ਗਤੀਵਿਧੀਆਂ, ਉੱਥੇ ਰੱਖੀ ਨਕਦੀ ਅਤੇ ਸੋਨੇ ਦੇ ਗਹਿਣਿਆਂ ਸਬੰਧੀ ਅਹਿਮ ਜਾਣਕਾਰੀ ਮੁਲਜ਼ਮਾਂ ਦੇ ਇੱਕ ਸਾਥੀ ਤੱਕ ਪਹੁੰਚਾਈ ਸੀ। ਇਸੇ ਜਾਣਕਾਰੀ ਦੇ ਆਧਾਰ ‘ਤੇ ਪਵਨਪ੍ਰੀਤ ਕੌਰ ਨੇ ਪੂਰੀ ਡਕੈਤੀ ਦੀ ਯੋਜਨਾ ਤਿਆਰ ਕਰਕੇ ਉਸ ਨੂੰ ਅੰਜਾਮ ਦਿਵਾਇਆ। ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਰਾਹੁਲ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਬੇਅੰਤ ਕੌਰ ਅਤੇ ਬਲਵੰਤ ਸਿੰਘ ਸਾਰੇ ਵਾਸੀ ਸਿੱਧਵਾਂ ਬੇਟ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਜੀਪ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਪੰਜ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਦੀ ਸਾਬਕਾ ਨੂੰਹ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 23 ਜੁਲਾਈ ਨੂੰ ਕੁਝ ਬਦਮਾਸ਼ ਮਰੀਜ਼ ਬਣ ਕੇ ਚੋਪੜਾ ਹਸਪਤਾਲ ਵਿੱਚ ਦਾਖ਼ਲ ਹੋਏ ਸਨ। ਮੁਲਜ਼ਮਾਂ ਨੇ ਪਿਸਤੌਲ ਦੀ ਨੋਕ ‘ਤੇ ਡਾ. ਵਿਜੈ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਨੂੰ ਬੰਧਕ ਬਣਾ ਲਿਆ ਅਤੇ ਹਸਪਤਾਲ ਵਿੱਚੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੀ ਅੰਗੂਠੀ ਅਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ ਸਨ। ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਡਕੈਤੀ ਦੀ ਯੋਜਨਾ ਬਣਾਉਣ ਲਈ ਵੱਖਰਾ ਵਟਸਐਪ ਗਰੁੱਪ ਬਣਾਇਆ ਹੋਇਆ ਸੀ। ਇਸੇ ਗਰੁੱਪ ਵਿੱਚ ਵਾਰਦਾਤ ਦੀ ਪੂਰੀ ਯੋਜਨਾ ਤਿਆਰ ਕੀਤੀ ਗਈ ਅਤੇ ਡਕੈਤੀ ਤੋਂ ਬਾਅਦ ਸਫ਼ਲ ਵਾਰਦਾਤ ਨੂੰ ਲੈ ਕੇ ਆਪਸ ਵਿੱਚ ਗੱਲਬਾਤ ਵੀ ਕੀਤੀ ਗਈ।
ਪਿਛਲੀ ਖ਼ਬਰ ‘ਆਪ’ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨਾਲ ਵਿਰੋਧੀ ਧਿਰਾਂ ਮੁੱਦਾਹੀਣ ਹੋਈਆਂ- ਚੇਅਰਮੈਨ ਡਾ: ਗਿੱਲ x ਅਗਲੀ ਖ਼ਬਰ ਲਾਠੀਚਾਰਜ ਦੇ ਰੋਸ ’ਚ ਸਫ਼ਾਈ ਸੇਵਕਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ, ਰਾਏਕੋਟ ’ਚ ਪੁਤਲਾ ਫੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।