ਲੋਹਟਬੱਦੀ, 27 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਜਿਸ ਵਾਅਦੇ ਅਤੇ ਦਾਅਵੇ ਨਾਲ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ’ਚ ਆਈ ਸੀ, ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਹੋਰ ਵਾਧੂ ਸਹੂਲਤਾਂ ਵੀ ਦੇ ਦਿੱਤੀਆਂ ਹਨ। ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਅਗਵਾਈ ’ਚ ਪੰਜਾਬ ਦੇ ਲੋਕਾਂ ਅੱਗੇ ਰੱਖੀਆਂ ਗਾਰੰਟੀਆਂ ਤੋਂ ਵਧੇਰੇ ਕੰਮ ਕਰਕੇ ਆਪਣੀ ਲੋਕ ਹਿੱਤੂ ਯੋਜਨਾਵਾਂ ਨਾਲ ਵਿਰੋਧੀ ਧਿਰਾਂ ਨੂੰ ਮੁੱਦਾਹੀਣ ਕਰ ਦਿੱਤਾ ਹੈ, ਭਾਵ ਕਿ ਅੱਜ ਵਿਕਾਸ ਕਾਰਜਾਂ ਨੂੰ ਲੈ ਕੇ ਵਿਰੋਧੀਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਆਗੂਆਂ ਦੀ ਕਿਰਦਾਰਕੁਸ਼ੀ ਦੇ ਹੋਛੇ ਹੱਥਕੰਡਿਆਂ ’ਤੇ ਉੱਤਰੇ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਲੋਂ ਹਲਕਾ ਦਾਖਾ ’ਚ ਸਰਗਰਮ ਭੂਮਿਕਾ ਨਿਭਾਅ ਰਹੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ (ਪੰਜਾਬ) ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਰਮਜੀਤ ਸਿੰਘ ਲੋਹਟਬੱਦੀ ਅਤੇ ਹਰਪ੍ਰੀਤ ਸਿੰਘ ਜੌਹਲ਼ਾਂ ਨੂੰ ਯੂਥ ਵਿੰਗ ਲੁਧਿਆਣਾ (ਦਿਹਾਤੀ) ਲਈ ਮੀਤ ਪ੍ਰਧਾਨ ਨਿਯੁਕਤੀ ਪੱਤਰ ਵੀ ਸੌਂਪਿਆ। ਚੇਅਰਮੈਨ ਗਿੱਲ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਰ ਰਾਜਸ਼ੀ ਅਤੇ ਆਗੂਆਂ ਦਾ ਦਬਾਅ/ਦਖ਼ਲ ਅੰਦਾਜ਼ੀ ਖ਼ਤਮ ਕਰਦਿਆਂ ਯੋਗ ਨਾਗਰਿਕਾਂ ਨੂੰ ਬਣਦੀਆਂ ਸਹੂਲਤਾਂ ਦਾ ਲਾਭ ਦੇਣ ਲਈ ਰਾਹ ਖੋਲ਼ਦਿਆਂ ਬੇਲੋੜੀਆਂ ਸ਼ਰਤਾਂ ਖ਼ਤਮ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ’ਚ ਦਹਾਕਿਆਂ ਤੋਂ ਪਹਿਲੀਆਂ ਸਰਕਾਰਾਂ ਵਲੋਂ ਅਣਗੌਲ਼ੇ ਕੱਚੇ ਮੁਲਾਜ਼ਮਾਂ ਨੂੰ ਸਰਕਾਰੀ ਨੌਕਰੀ ਦਿੱਤੀ। ਹਾਲ ਹੀ ’ਚ ਆਂਗਨਵਾੜੀ ਵਰਕਰਾਂ ਦੀ ਸਿੱਧੀ ਭਰਤੀ, ਡਿੱਪੂ ਹੋਲਡਰਾਂ ਦੀ ਨਿਯੁਕਤੀ ਸਮੇਂ ਬਿਨਾਂ ਕਿਸੇ ਸਿਫ਼ਾਰਿਸ ਤੋਂ ਸ਼ਰਤਾਂ ਦੀ ਪੂਰਤੀ ਕਰਨ ਵਾਲਿਆਂ ਨੂੰ ਸਰਕਾਰ ਦੇ ਭਾਗੀਦਾਰ ਬਣਾਇਆ ਹੈ। ਜਦਕਿ ਇਸ ਤੋਂ ਪਹਿਲੀਆਂ ਸਰਕਾਰਾਂ ਸਮੇਂ ਯੋਗ ਉਮੀਦਵਾਰਾਂ ਨੂੰ ਪਿੱਛੇ ਧੱਕ ਕੇ ਆਪਣੇ ਚਹੇਤਿਆਂ ਨੂੰ ਸੁਵਿਧਾਵਾਂ ਦਿੱਤੀਆਂ ਜਾਣ ਵਾਲੀਆਂ ਘਟੀਆਂ ਨੀਤੀਆਂ ਨੂੰ ਤੋੜਨ ਕਾਰਨ ਹੀ ਅੱਜ ਅਗਾਮੀ ਵਿਧਾਨ ਸਭਾ ਚੋਣਾਂ-2027 ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦਾ ਜੇਤੂ ਝੰਡਾ ਲਹਿਰਾਉਣ ਲਈ ਰਾਹ ਪੱਧਰਾ ਕੀਤਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਵੋਟਰਾਂ ਦੀ ਭਾਵਨਾਵਾਂ ਨਾਲ ਵਾਅਦੇ ਕਰਕੇ ਆਸਾਂ-ਉਮੀਦਾਂ ਦਾ ਗਲ਼ਾ ਘੁੱਟ ਕੇ ਵਾਰੋ-ਵਾਰੀ ਰਾਜ ਕਰਨ ਵਾਲੀਆਂ ਰਾਜਸ਼ੀ ਧਿਰਾਂ ਦੀ ਅੱਜ ਪਿੰਡਾਂ ਦੀਆਂ ਸੱਥਾਂ ‘ਚ ਗੱਲ ਹੋਣੀ ਬੰਦ ਹੋ ਗਈ ਹੈ। ਦੂਜੇ ਪਾਸੇ ਚੇਅਰਮੈਨ ਡਾ: ਗਿੱਲ ਨੇ ਕਿਹਾ ਕਿ 10 ਲੱਖ ਰੁਪਏ ਦੀ ਮੁਫ਼ਤ ਇਲਾਜ ਯੋਜਨਾ ਨੇ ਬਿਮਾਰੀਆਂ ਨਾਲ ਜਕੜੇ ਆਮ ਅਤੇ ਗਰੀਬ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਰਾਹ ਖੋਲਿ੍ਹਆ ਹੈ। 40 ਲੱਖ ਪਰਿਵਾਰਾਂ ਲਈ ਮੇਰੀ ਰਸੋਈ ਯੋਜਨਾ ਸਾਰਥਿਕ ਉਪਰਾਲਾ ਹੈ। ਹੁਣ 10 ਲੱਖ ਪਰਿਵਾਰਾਂ ਨੂੰ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਦੀ ਯੋਜਨਾ ਅਤੇ ਪਹਿਲਾਂ ਬਣੇ ਕਾਰਡਾਂ ’ਚ ਬਾਕੀ ਪਰਿਵਾਰਿਕ ਮੈਂਬਰਾਂ ਦੇ ਨਾਂਅ ਸ਼ਾਮਿਲ ਕਰਨਾ ਹਰ ਗਰੀਬ ਦਾ ਚੁੱਲ੍ਹਾ ਤਪਾਉਣ ਲਈ ਵੱਡਾ ਫ਼ੈਸਲਾ ਹੈ। ਇਸ ਦਾ ਲਾਭ ਲੈਣ ਲਈ 11 ਅਗਸਤ ਤੱਕ ਯੋਗ ਉਮੀਦਵਾਰ ਆਪਣੀਆਂ ਅਰਜੀਆਂ ਪੇਸ਼ ਕਰ ਸਕਦੇ ਹਨ।