ਔੜ, 12 ਫਰਵਰੀ (ਗੁਰਨਾਮ ਸਿੰਘ ਸੈਣੀ)-ਫਰੈਂਡਸ਼ਿਪ ਸਪੋਰਟਸ ਕਲੱਬ ਔੜ-ਗੜੁੱਪੜ ਵਲੋਂ ਇਲਾਕੇ ਵਿੱਚ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਾਲਾਨਾ ਹਾਕੀ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਆਈਆਂ ਟੀਮਾਂ ਨੇ ਭਰਪੂਰ ਜੋਸ਼ ਅਤੇ ਖੇਡ-ਭਾਵਨਾ ਨਾਲ ਭਾਗ ਲਿਆ | ਟੂਰਨਾਮੈਂਟ ਦੌਰਾਨ ਹਾਕੀ ਅਤੇ ਕਬੱਡੀ ਦੇ ਮੁਕਾਬਲੇ ਬੜੀ ਰੋਮਾਂਚਕਤਾ ਨਾਲ ਖੇਡੇ ਗਏ, ਜਿਸ ਨੂੰ ਦੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਮੌਜੂਦ ਰਹੀ | ਫਾਈਨਲ ਮੁਕਾਬਲਿਆਂ 'ਚ ਖਿਡਾਰੀਆਂ ਨੇ ਆਪਣੀ ਕਾਬਲੀਅਤ, ਤਾਕਤ ਅਤੇ ਸਹਿਯੋਗ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦੀਆਂ ਤਾਲੀਆਂ ਲੁੱਟੀਆਂ | 5 ਦਿਨ ਚੱਲੇ ਇਸ ਖੇਡ ਮੇਲੇ ਦੇ ਪਹਿਲੇ ਦਿਨ ਪ੍ਰਬੰਧਕਾਂ ਅਤੇ ਸਹਿਯੋਗੀ ਸੱਜਣਾਂ ਨੇ ਸਾਂਝੇ ਤੌਰ 'ਤੇ ਉਦਘਾਟਨ ਕੀਤਾ | ਜਿਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਦੇ ਖੇਡ ਮੈਦਾਨ ਵਿੱਚ ਹਾਕੀ ਮੁਕਾਬਲੇ ਸ਼ੁਰੂ ਹੋਏ ਜਿਨ੍ਹਾਂ ਵਿੱਚ ਆਲ ਓਪਨ ਦੀਆਂ 16 ਅਤੇ ਪਿੰਡ ਪੱਧਰ ਦੀਆਂ 8 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਆਲ ਓਪਨ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਔੜ ਨੇ ਮਿੱਠਾਪੁਰ ਨੂੰ ਹਰਾਇਆ ਜਿਨ੍ਹਾਂ ਨੂੰ 1 ਲੱਖ ਅਤੇ 71 ਹਜ਼ਾਰ ਰੁਪਏ ਦੇ ਨਕਦ ਇਨਾਮਾਂ ਦੇ ਨਾਲ-ਨਾਲ ਸ਼ਾਨਦਾਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਪਿੰਡ ਪੱਧਰ ਹਾਕੀ ਵਿੱਚ ਔੜ ਨੇ ਚੱਕਦਾਨਾ ਦੀ ਟੀਮ ਨੂੰ ਹਰਾ ਕੇ ਪਹਿਲੇ ਇਨਾਮ 15 ਹਜ਼ਾਰ ਰੁਪਏ 'ਤੇ ਕਬਜ਼ਾ ਕੀਤਾ ਜਦਕਿ ਚੱਕਦਾਨਾ ਦੀ ਉੱਪ ਜੇਤੂ ਟੀਮ ਨੂੰ 13 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ | ਇਸੇ ਤਰਾਂ ਆਖਰੀ ਦਿਨ ਕਬੱਡੀ ਦੀਆਂ 8 ਇੰਟਰਨੈਸ਼ਨਲ ਟੀਮਾਂ ਦੇ ਹੋਏ ਮੁਕਾਬਲਿਆਂ ਦੇ ਫਾਈਨਲ ਵਿੱਚ ਲਿੱਤਰਾਂ ਦੀ ਟੀਮ ਨੇ ਮਾਹਿਲ ਗਹਿਲਾਂ ਦੀ ਟੀਮ ਨੂੰ ਹਰਾਇਆ ਜਿਨ੍ਹਾਂ ਨੂੰ 51 ਅਤੇ 31 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ ਜਦਕਿ ਬੈਸਟਾਂ ਨੂੰ 11-11 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ | ਇਨਾਮ ਵੰਡ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਐਸ.ਜੀ.ਪੀ.ਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਕੇ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ | ਪ੍ਰਬੰਧਕਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਖੇਡ ਮੇਲੇ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਪਿੰਡਾਂ ਦੀ ਨਵੀਂ ਪੀੜ੍ਹੀ ਖੇਡਾਂ ਰਾਹੀਂ ਆਪਣਾ ਭਵਿੱਖ ਰੌਸ਼ਨ ਕਰ ਸਕੇ ਅਤੇ ਖੇਡ ਮੇਲੇ ਤੋਂ ਪ੍ਰਭਾਵਿਤ ਹੋ ਕੇ ਨਵੇਂ ਖਿਡਾਰੀ ਪੈਦਾ ਹੋ ਸਕਣ | ਅੰਤ ਵਿੱਚ ਪ੍ਰਬੰਧਕ ਸੁਰਜੀਤ ਸਿੰਘ ਬਾਨਾ ਨੇ ਸਮੁੱਚੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਵਲੋਂ ਕਈ ਸਖਸ਼ੀਅਤਾਂ ਅਤੇ ਸਹਿਯੋਗੀਆਂ ਦਾ ਮਾਣ-ਸਨਮਾਨ ਵੀ ਕੀਤਾ ਗਿਆ, ਅਤੇ ਇਸ ਮੌਕੇ ਪ੍ਰਸਿੱਧ ਕੁਮੈਂਟੇਟਰ ਤੇਲੂ ਭੱਟੀ ਗੜ੍ਹਪਧਾਣਾ ਅਤੇ ਕਰਮਦੀਨ ਚੱਕ ਸਾਬੂ ਨੇ ਨੌਜਵਾਨਾਂ ਨੂੰ ਸ਼ਾਇਰੋ-ਸ਼ਾਇਰੀ ਰਾਹੀਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਾਸਟਰ ਸਾਧੂ ਸਿੰਘ, ਜਤਿੰਦਰ ਸਿੰਘ, ਗਗਨਦੀਪ ਸਿੰਘ ਨੰਬਰਦਾਰ, ਗੁਰਿੰਦਰ ਸਿੰਘ, ਸਤਵਿੰਦਰ ਸਿੰਘ ਸਰਪੰਚ, ਗੁਰਵਿੰਦਰ ਸਿੰਘ, ਜੱਸਾ ਕੈਨੇਡਾ, ਬਲਦੀਪ ਸਿੰਘ, ਵਿਸ਼ਾਲ ਰਿਐਤ, ਸੁਖਜਿੰਦਰ ਸਿੰਘ ਸੁੱਖਾ ਕੈਨੇਡਾ, ਬਲਜੀਤ ਸਿੰਘ, ਦਵਿੰਦਰ ਲਾਲੀ ਮਨੀਲਾ, ਹਰਪ੍ਰੀਤ ਪੀਤਾ, ਪਿ੍ੰ.ਨਛੱਤਰ ਸਿੰਘ ਸੁਮਨ ਤੋਂ ਇਲਾਵਾ ਪਿੰਡਾਂ ਦੇ ਬਹੁਤ ਸਾਰੇ ਪਤਵੰਤੇ ਅਤੇ ਪ੍ਰਬੰਧਕ ਹਾਜ਼ਰ ਸਨ |