ਕਾਠਗੜ੍ਹ, 12 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਬੀਤੇ ਦਿਨੀਂ ਰੋਪੜ ਬਾਈਪਾਸ ਪੁੱਲ ਦੇ ਨਜ਼ਦੀਕ ਬੰਦ ਪਈ ਡੀ. ਸੀ. ਐਮ ਫੈਕਟਰੀ ਦੇ ਸਾਹਮਣੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਸਕੂਲ ਦੇ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰ ਤੇ ਡੰਡਿਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ | ਜਿਸ ਨੂੰ ਇਕ ਰਾਹਗੀਰ ਕਾਰ ਚਾਲਕ ਨੇ ਗੰਭੀਰ ਰੂਪ 'ਚ ਜਖ਼ਮੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ | ਪ੍ਰੇਮ ਨਗਰ ਨਿਵਾਸੀ ਰੂਦਰ ਪ੍ਰਸਾਦ ਦੇ ਪਿਤਾ ਰਾਜੇਸ਼ ਕੁਮਾਰ ਅਤੇ ਤਾਇਆ ਗੁਲਾਬ ਚੰਦ ਨੇ ਦੱਸਿਆ ਕਿ ਰੂਦਰ ਆਸਰੋਂ ਤੋਂ ਨਵੇਂ ਕੱਪੜੇ ਸਿਲਾਈ ਕਰਵਾ ਕੇ ਲੈ ਕੇ ਆ ਰਿਹਾ ਸੀ | ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ | ਜਦੋਂ ਇਸ ਸਬੰਧੀ ਚੌਂਕੀ ਇੰਚਾਰਜ ਸਿੰਕਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੇ ਦੇ ਪਿਤਾ ਤੇ ਤਾਇਆ ਦੀ ਸ਼ਿਕਾਇਤ ਦੇ ਆਧਾਰ 'ਤੇ ਰਿਪੋਰਟ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |