ਬੰਗਾ, 12 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਯੂਥ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲਾਂ 10 ਸਾਲਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਨੂੰ ਲਗਾਤਾਰ ਰੋਕੀ ਰੱਖਿਆ | ਉਸ ਸਮੇਂ ਭਾਜਪਾ ਆਗੂ ਇਸ ਫੈਸਲੇ ਦਾ ਵਿਰੋਧ ਕਰਦੇ ਰਹੇ ਪਰ ਅੱਜ ਸਤਾ 'ਚ ਆ ਕੇ ਭਾਜਪਾ ਵੀ ਉਸੇ ਨੀਤੀ 'ਤੇ ਚੱਲ ਰਹੀ ਹੈ | ਸਤਾ ਹਾਸਿਲ ਕਰਨ ਤੋਂ ਪਹਿਲਾਂ ਸਿੱਖ ਕੌਮ ਦੇ ਅਹਿਮ ਮਸਲਿਆਂ 'ਤੇ ਵੱਡੇ ਵਾਅਦੇ ਕਰਨ ਵਾਲੀ ਹਰ ਪਾਰਟੀ ਕੁਰਸੀ ਮਿਲਦਿਆਂ ਹੀ ਸਿੱਖਾਂ ਲਈ ਇਨਸਾਫ਼ ਅਤੇ ਬਰਾਬਰਤਾ ਦੇ ਕਾਨੂੰਨੀ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ | ਉਹਨਾਂ ਕਿਹਾ ਕਿ 33 ਸਾਲਾਂ ਤੋਂ ਸਜ਼ਾ ਕੱਟ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਮੁੜ ਰੱਦ ਕਰਨਾ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਜੋ ਸਰਕਾਰਾਂ ਪ੍ਰਤੀ ਸਿੱਖਾਂ ਦੇ ਰੋਸ ਅਤੇ ਅਵਿਸ਼ਵਾਸ ਨੂੰ ਹੋਰ ਡੂੰਘਾ ਕਰਦਾ ਹੈ |