ਔੜ/ਝਿੰਗੜਾਂ, 15 ਫਰਵਰੀ (ਕੁਲਦੀਪ ਸਿੰਘ ਝਿੰਗੜ)-ਇੱਥੋਂ ਨੇੜਲੇ ਪਿੰਡ ਪਰਾਗਪੁਰ ਵਿਖੇ ਬੀਤੀ ਰਾਤ ਇੱਕ ਘਰ ਵਿੱਚ ਖੜੀ ਥਾਰ ਗੱਡੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਕਮਲਜੀਤ ਕੌਰ ਪਤਨੀ ਦੇਵ ਰਾਮ ਨੇ ਦੱਸਿਆ ਕਿ ਰਾਤ ਲਗਭਗ ਸਾਢੇ ਬਾਰਾਂ ਕੁ ਵਜੇ ਲੋਕਾਂ ਨੇ ਘਰ ਦੇ ਵਿਹੜੇ 'ਚ ਅੱਗ ਦੀਆਂ ਲਪਟਾਂ ਦੇਖ ਕੇ ਉਸ ਨੰੂ ਸੁੱਤੀ ਨੂੰ ਜਗਾਇਆ ਕਿ ਉਸ ਦੇ ਘਰ ਦੇ ਵਿਹੜੇ 'ਚ ਅੱਗ ਲੱਗੀ ਹੋਈ | ਉਸ ਨੇ ਵੇਖਿਆ ਕਿ ਘਰ 'ਚ ਖੜੀ ਮਹਿੰਦਰਾ ਥਾਰ ਰੰਗ ਚਿੱਟਾ ਨੰਬਰ ਪੀ.ਬੀ 32 ਏ.ਸੀ 5540 ਮਾਡਲ 2024 ਨੂੰ ਭਿਆਨਕ ਅੱਗ ਲੱਗ ਚੁੱਕੀ ਸੀ, ਜੋ ਲੋਕਾਂ ਨੇ ਬਹੁਤ ਹੀ ਮਸ਼ੱਕਤ ਨਾਲ ਬੁਝਾਈ | ਉਨ੍ਹਾਂ ਦੱਸਿਆ ਕਿ ਗੱਡੀ ਦਾ ਇੰਜਣ, ਟਾਇਰ ਸਮੇਤ ਸਾਰੀ ਗੱਡੀ ਸੜ ਕੇ ਸੁਆਹ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਤੇਲ ਦੀ ਟੈਂਕੀ ਨੂੰ ਅੱਗ ਨਾ ਲੱਗਣ ਕਾਰਨ ਘਰ ਦਾ ਨੁਕਸਾਨ ਜ਼ਿਆਦਾ ਹੋਣ ਤੋਂ ਬਚਾਅ ਹੋ ਗਿਆ ਨਹੀਂ ਤਾਂ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਕੌਰ ਨੇ ਦੱਸਿਆ ਕਿ ਸਾਡੀ ਗੱਡੀ ਨੂੰ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਤੀ ਅਤੇ ਪੁੱਤਰ ਵਿਦੇਸ਼ 'ਚ ਰਹਿੰਦੇ ਹਨ ਅਤੇ ਧੀ ਆਪਣੇ ਸਹੁਰੇ ਘਰ ਵਿਆਹੀ ਗਈ ਹੈ, ਜਿਸ ਕਾਰਨ ਉਹ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ, ਇਸ ਤਰ੍ਹਾਂ ਉਸ ਦੀ ਜਾਨ ਨੰੂ ਵੀ ਖ਼ਤਰਾ ਹੈ | ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਥਾਣਾ ਔੜ ਨੂੰ ਇਤਲਾਹ ਦਿੱਤੀ ਗਈ ਹੈ | ਥਾਣਾ ਔੜ ਤੋਂ ਏ.ਐਸ.ਆਈ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ 'ਚ ਲੱਗੇ ਸੀ.ਸੀ.ਟੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪਿੰਡ ਦੀ ਸਰਪੰਚ ਨਛੱਤਰ ਕੌਰ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਸ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ |