ਨਵਾਂਸ਼ਹਿਰ, 17 ਫਰਵਰੀ (ਜਸਬੀਰ ਸਿੰਘ ਨੂਰਪੁਰ)-ਇੰਪਲਾਈਜ਼ ਫੈਡਰੇਸ਼ਨ ਮੰਡਲ ਨਵਾਂਸ਼ਹਿਰ ਵਲੋਂ 'ਇੰਪਲਾਈਜ਼ ਜੁਆਇੰਟ ਫੋਰਮ' ਅਤੇ 'ਬਿਜਲੀ ਮੁਲਾਜ਼ਮ ਏਕਤਾ ਪੰਜਾਬ' ਦੇ ਸੱਦੇ 'ਤੇ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਬਲਿਹਾਰ ਸਿੰਘ ਮੰਡਲ ਪ੍ਰਧਾਨ, ਨਵਾਂਸ਼ਹਿਰ, ਮੋਹਣ ਸਿੰਘ ਸਰਕਲ ਪ੍ਰਧਾਨ ਅਤੇ ਸੱਤਪਾਲ ਸਲੋਹ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਪਿੰਡ ਬਡੰਬਰ (ਨੇੜੇ ਪਟਿਆਲਾ) ਵਿਖੇ ਬਿਜਲੀ ਬੋਰਡ ਦੀ 45 ਏਕੜ ਕੀਮਤੀ ਜ਼ਮੀਨ ਵੇਚਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਮੁਲਾਜ਼ਮ ਜਥੇਬੰਦੀਆਂ ਸਖ਼ਤ ਵਿਰੋਧ ਕਰਦੀਆਂ ਹਨ | ਆਗੂਆਂ ਨੇ ਇਸ ਨੂੰ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਫੈਸਲਾ ਗਰਦਾਨਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਰੋਸ ਪ੍ਰਦਰਸ਼ਨ ਵਿੱਚ ਇੰਜ: ਖੁਸ਼ਹਾਲ ਮੱਲ, ਪਵਨ ਕੁਮਾਰ, ਸੋਮਨਾਥ, ਤਿਲਕ ਰਾਜ, ਅਮਰਜੀਤ ਸਿੰਘ, ਮੋਹਨ ਸਿੰਘ ਭਾਰਟਾ, ਰਮੇਸ਼ ਕੁਮਾਰ, ਕਮਲਜੀਤ ਸਿੰਘ, ਬਲਜਿੰਦਰ ਸਿੰਘ ਸਮੇਤ ਹਰਮੇਸ਼ ਲਾਲ, ਤਰਲੋਚਨ ਸਿੰਘ, ਕੁਲਵੰਤ ਰਾਏ, ਸੁਰੇਸ਼ ਕੁਮਾਰ, ਕਮਲ ਕੁਮਾਰ, ਰਾਮ ਲਖਨ ਅਤੇ ਵੱਡੀ ਗਿਣਤੀ ਵਿੱਚ ਹੋਰ ਮੁਲਾਜ਼ਮ ਸ਼ਾਮਿਲ ਸਨ |
ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਅਜੀਤ ਡੈਸਕ
18-02-2026