ਬੰਗਾ, 17 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਨਵਾਂਸ਼ਹਿਰ ਤੋਂ ਗੰਨਾ ਮਿੱਲ ਦਾ ਪਾਣੀ ਲੈ ਕੇ ਆਉਂਦੀ ਉੱਘੀ ਡਰੇਨ 'ਚਿੱਟੀ ਵੇਈਾ' ਦੇ ਪਾਣੀ 'ਚੋਂ ਇਨ੍ਹਾਂ ਦਿਨਾਂ ਵਿੱਚ ਆਉਂਦੀ ਅਸਹਿਣਯੋਗ ਬਦਬੂ ਨੇ ਇਸ ਵੇਈਾ ਦੇ ਆਲੇ ਦੁਆਲੇ ਵਸਦੇ ਦਰਜਨਾਂ ਪਿੰਡਾਂ ਦੇ ਵਾਸੀਆਂ ਦਾ ਸਾਹ ਲੈਣਾ ਬੇਹੱਦ ਮੁਸ਼ਕਿਲ ਕਰ ਦਿੱਤਾ ਹੈ | ਇਸ ਡਰੇਨ ਦੇ ਪਾਣੀ 'ਚੋਂ ਆਉਂਦੀ ਬਦਬੂ ਨੇ ਲੋਕਾਂ ਦਾ ਘਰਾਂ 'ਚ ਰਹਿਣਾ ਬੇਹੱਦ ਦੁੱਭਰ ਕਰ ਦਿੱਤਾ ਹੈ | ਇਸ ਸੰਬੰਧੀ ਪਿੰਡ ਗੋਬਿੰਦਪੁਰ ਦੇ ਵਾਸੀ ਮਨਦੀਪ ਸਿੰਘ ਗੋਬਿੰਦਪੁਰ, ਜਸਕੰਵਰਦੀਪ ਸਿੰਘ ਬਾਲੋਂ, ਅਮਨਦੀਪ ਸਿੰਘ ਸਿੱਟਾ, ਰਾਜ ਕੁਮਾਰ, ਹਰਮੇਲ ਸਿੰਘ, ਸਤਨਾਮ ਸਿੰਘ, ਹਰਿੰਦਰ ਸਿੰਘ ਲਾਲੀ, ਰਾਜਾ ਗੋਬਿੰਦਪੁਰ, ਚਰਨਜੀਤ ਸਿੰਘ ਬਾਲੋਂ, ਇੰਦਰਜੀਤ ਗਿਰ, ਸੁਖਵੀਰ ਡੇਡਾ, ਸੁਖਜੀਤ ਬਾਲੋਂ, ਇੰਦਰਜੀਤ ਆਦਿ ਗੋਬਿੰਦਪੁਰ ਅਤੇ ਪਿੰਡ ਬਾਲੋਂ ਵਾਸੀਆਂ ਨੇ ਇਨ੍ਹਾਂ ਪਿੰਡਾਂ ਦੇ ਕੋਲੋਂ ਲੰਘਦੀ ਉਕਤ ਡਰੇਨ ਦੇ ਉੱਤੇ ਖੜ੍ਹ ਕੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਡਰੇਨ ਦੇ ਪਾਣੀ 'ਚੋਂ ਆਉਂਦੀ ਬਦਬੂ ਇਸ ਕਦਰ ਭੈੜੀ ਹੈ ਕਿ ਲੋਕਾਂ ਦੇ ਬੇਹੋਸ਼ ਹੋ ਜਾਣ ਦੀ ਨੌਬਤ ਆ ਗਈ ਹੈ | ਇਸ ਬਦਬੂ ਕਰਕੇ ਘਰਾਂ 'ਚ ਪਏ ਪਿੱਤਲ ਦੇ ਭਾਂਡੇ ਕਾਲੇ ਹੋ ਜਾਂਦੇ ਹਨ | ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਗਰ ਇਸ ਸੰਬੰਧੀ ਡਰੇਨ ਵਿਭਾਗ ਨਾ ਜਾਗਿਆ ਤਾਂ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ | ਇਸ ਇਲਾਕੇ ਦੇ ਪਿੰਡ ਗੁਜਰਪੁਰ ਕਲਾਂ, ਭੀਣ, ਜੱਬੋਵਾਲ, ਪੱਲੀ ਉੱਚੀ, ਪੱਲੀ ਝਿੱਕੀ, ਸੂਰਾਪੁਰ, ਸੁੱਜੋਂ, ਭੌਰਾ, ਲਧਾਣਾ ਉੱਚਾ, ਪਠਲਾਵਾ, ਗੁਜਰਪੁਰ ਖੁਰਦ ਆਦਿ ਪਿੰਡਾਂ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਇਸ ਸੰਬੰਧੀ ਕਈ ਦਹਾਕਿਆਂ ਤੋਂ ਇਨ੍ਹਾਂ ਪਿੰਡਾਂ ਦੇ ਲੋਕ ਇਸ ਸਮੱਸਿਆ ਸੰਬੰਧੀ ਮਿੱਲ ਪ੍ਰਸ਼ਾਸਨ, ਜ਼ਿਲ੍ਹਾ ਤੇ ਬਲਾਕ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਜੁਬਾਨੀ ਸਬੂਤ ਸਮੇਤ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਜਦੋਂ ਮਿੱਲ ਦੇ ਅਫਸਰਾਂ-ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਉਨ੍ਹਾਂ ਨੇ ਅਜੇਹੇ ਯੰਤਰ ਲਗਾਏ ਹੋਏ ਹਨ ਜਿਨ੍ਹਾਂ ਕਰਕੇ ਇਹ ਪਾਣੀ ਗੰਦਗੀ ਰਹਿਤ ਹੈ | ਇਸ ਵੇਈਾ 'ਚ ਇਨ੍ਹਾਂ ਪਿੰਡਾਂ ਦਾ ਗੰਦਾ ਪਾਣੀ ਵੀ ਪੈਂਦਾ ਹੈ ਜੋ ਕਿ ਇਸ ਬਦਬੂ 'ਚ ਵਾਧਾ ਕਰਨ ਦਾ ਕਾਰਨ ਵੀ ਹੋ ਸਕਦਾ ਹੈ | ਮੁੱਖ ਤੌਰ 'ਤੇ ਲੋਕਾਂ ਦਾ ਦੋਸ਼ ਮਿੱਲ ਤੋਂ ਆਉਂਦੇ ਕੈਮੀਕਲ ਮਿਲੇ ਪਾਣੀ 'ਤੇ ਲੱਗਦਾ ਹੈ | ਲੋਕਾਂ ਵਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਕਈ ਦਹਾਕਿਆਂ ਤੋਂ ਇਸ ਸਮੱਸਿਆ ਨੂੰ ਦੂਰ ਕਰਨ ਦੀ ਜੋ ਮੰਗ ਕੀਤੀ ਜਾਂਦੀ ਹੈ ਉਸਨੂੰ ਇਸ ਵਾਰ ਜ਼ਰੂਰ ਅਮਲੀ ਤੌਰ 'ਤੇ ਹੱਲ ਕਰਨ ਦੀ ਜੋਰਦਾਰ ਮੰਗ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਅਗਰ ਇਹ ਸਮੱਸਿਆ ਹੱਲ ਨਹੀਂ ਕੀਤੀ ਜਾਂਦੀ ਤਾਂ ਉਹ ਸੰਘਰਸ਼ ਕਰਨ ਲਈ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ |