27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ 'ਚ ਬੈਂਕਾਂ ਨੂੰ ਖੇਤੀਬਾੜੀ ਖੇਤਰ ਲਈ ਕਰਜ਼ਾ ਵਧਾਉਣ ਦਾ ਸੱਦਾ

ਅਜੀਤ ਡੈਸਕ 18-02-2026

ਨਵਾਂਸ਼ਹਿਰ, 17 ਫਰਵਰੀ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਐਸ.ਬੀ.ਐਸ ਨਗਰ ਗੁਲਪ੍ਰੀਤ ਸਿੰਘ ਔਲਖ ਨੇ ਪੋਟੈਂਸੀਅਲ ਲਿੰਕਡ ਕ੍ਰੈਡਿਟ ਪਲਾਟ 2026-27 ਨੂੰ ਜਾਰੀ ਕਰਦਿਆਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਰਾਜ ਦੀ ਖੇਤੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਖੇਤੀਬਾੜੀ ਖੇਤਰ ਨੂੰ ਵੱਧ ਤੋਂ ਵੱਧ ਕਰਜ਼ਾ ਸਹਾਇਤਾ ਪ੍ਰਦਾਨ ਕੀਤੀ ਜਾਵੇ | ਨਾਬਾਰਡ ਦੁਆਰਾ ਹਰ ਸਾਲ ਤਿਆਰ ਕੀਤਾ ਜਾਣ ਵਾਲਾ ਪੀ.ਐਲ.ਪੀ, ਰਾਸ਼ਟਰੀ ਤਰਜੀਹਾਂ ਅਤੇ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਜ਼ਿਲ੍ਹੇ ਦੀ ਕ੍ਰੈਡਿਟ ਸਮਰੱਥਾ ਦਾ ਮੁਲਾਂਕਣ ਕਰਦਾ ਹੈ | ਇਹ ਵਿਆਪਕ ਯੋਜਨਾ ਮੁੱਢਲੀ, ਸੈਕੰਡਰੀ ਅਤੇ ਤਰਜੀਹੀ ਖੇਤਰਾਂ ਵਿੱਚ ਉਪਲਬਧ ਬੁਨਿਆਦੀ ਢਾਂਚੇ, ਸੰਸਥਾਗਤ ਸਬੰਧਾਂ ਅਤੇ ਭੌਤਿਕ ਸੰਭਾਵਨਾ ਦਾ ਮੁਲਾਂਕਣ ਕਰਦੀ ਹੈ | ਇਹ ਬੈਂਕਾਂ ਲਈ ਢਾਂਚਾਗਤ ਕ੍ਰੈਡਿਟ ਯੋਜਨਾਬੰਦੀ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਮਾਰਗਦਰਸ਼ਕ ਢਾਂਚੇ ਵਜੋਂ ਵੀ ਕੰਮ ਕਰਦੀ ਹੈ | ਸੰਯੁਕਤ ਕਾਰਵਾਈ 'ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੈਂਕਾਂ, ਵਿਭਾਗਾਂ ਅਤੇ ਵਿਕਾਸ ਏਜੰਸੀਆਂ ਵਿਚਕਾਰ ਸਹਿਯੋਗ ਜ਼ਰੂਰੀ ਹੈ ਤਾਂ ਜੋ ਖੇਤੀ ਅਤੇ ਸਬੰਧਤ ਖੇਤਰਾਂ, ਐਮ.ਐਸ.ਐਮਈਜ਼ ਅਤੇ ਹੋਰ ਤਰਜੀਹੀ ਖੰਡਾਂ ਨੂੰ ਸਮੇਂ ਸਿਰ ਅਤੇ ਲੋੜ ਮੁਤਾਬਕ ਕਰਜ਼ਾ ਪ੍ਰਵਾਹ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਵਧੀਆ ਸੰਸਥਾਗਤ ਵਿੱਤੀ ਸਹਾਇਤਾ ਖੇਤੀ ਉਤਪਾਦਕਤਾ ਵਧਾਉਣ, ਵਿਵਿਧੀਕਰਨ ਨੂੰ ਪ੍ਰੋਤਸਾਹਿਤ ਕਰਨ ਅਤੇ ਪਿੰਡਾਂ ਵਿੱਚ ਰੋਜ਼ਗਾਰ ਸਿਰਜਣ ਲਈ ਮਹੱਤਵਪੂਰਨ ਹੈ | ਮੀਟਿੰਗ ਵਿੱਚ ਡੀ.ਡੀ.ਐਮ ਨਾਬਾਰਡ ਐਸ.ਬੀ.ਐਸ ਨਗਰ, ਜ਼ਿਲ੍ਹਾ ਮੈਨੇਜਰ ਨਵਾਂਸ਼ਹਿਰ ਸੀ.ਸੀ.ਬੀ, ਲੀਡ ਡਿਸਟਿ੍ਕਟ ਮੈਨੇਜਰ, ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧੀ, ਸਹਾਇਕ ਰਜਿਸਟਰਾਰ ਐਸ.ਬੀ.ਐਸ ਨਗਰ ਅਤੇ ਕਿਸਾਨ ਪ੍ਰਤੀਨਿਧੀ ਸ਼ਾਮਿਲ ਹੋਏ | ਪੀ.ਐਲ.ਪੀ 2026-27 ਦੀ ਸ਼ੁਰੂਆਤ ਜ਼ਿਲ੍ਹੇ ਵਿੱਚ ਕਰੈਡਿਟ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ |

ਪਿਛਲੀ ਖ਼ਬਰ ਪਿੰਡ ਝਿੰਗੜਾਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ 3 ਦਿਨਾ ਧਾਰਮਿਕ ਸਮਾਗਮ ਸਮਾਪਤ ਅਗਲੀ ਖ਼ਬਰ ਚਿੱਟੀ ਵੇਈਾ 'ਚ ਵਗਦੇ ਪਾਣੀ 'ਚੋਂ ਆਉਂਦੀ ਬਦਬੂ ਨੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਾਸੀਆਂ ਦੇ ਨੱਕ 'ਚ ਕੀਤਾ ਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।