ਮਜਾਰੀ/ਸਾਹਿਬਾ, 19 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ, ਕਸਬਿਆਂ ਤੇ ਪਿੰਡਾਂ ਦੀਆਂ ਸੜਕਾਂ 'ਤੇ ਭੇਡਾਂ ਦੇ ਵੱਗ ਲੈ ਕੇ ਘੁੰਮਦੇ ਚਰਵਾਹੇ ਜਿੱਥੇ ਟ੍ਰੈਫਿਕ, ਆਮ ਲੋਕਾਂ, ਰਾਹਗੀਰਾਂ ਲਈ ਮੁਸੀਬਤਾਂ ਪੈਦਾ ਕਰਦੇ ਹਨ | ਉੱਥੇ ਗੰਦਗੀ ਫੈਲਾਉਣ ਦੇ ਨਾਲ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ | ਇਹ ਚਰਵਾਹੇ ਅੰਬਾਲਾ ਵੱਲ ਤੋਂ ਆਉਂਦੇ ਹਨ | ਸਾਰਾ ਸਿਆਲ ਇੱਧਰ ਹੀ ਘੁੰਮਦੇ ਰਹਿੰਦੇ ਹਨ | ਕਸਬਾ ਮਜਾਰੀ ਦੇ ਆਸ-ਪਾਸ ਦੇ ਪਿੰਡਾਂ ਅੰਦਰ ਸੈਂਕੜਿਆਂ ਦੀ ਗਿਣਤੀ 'ਚ ਭੇਡਾਂ ਲਈ ਕਈ ਝੁੰਡ ਘੁੰਮਦੇ ਹਨ | ਬੀਤੇ ਦਿਨ ਕਸਬਾ ਮਜਾਰੀ 'ਚੋਂ ਗੁਜ਼ਰੇ ਇਕ ਝੂੰਡ ਨੇ ਕਾਫੀ ਸਮਾਂ ਟ੍ਰੈਫਿਕ ਜਾਮ ਕਰਕੇ ਰੱਖ ਦਿੱਤੀ | ਜਿਸ ਕਾਰਨ ਰਾਜ ਮਾਰਗ 'ਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ | ਇਹ ਝੁੰਡ ਜਿਸ ਵੀ ਸੜਕ ਤੋਂ ਗੁਜਰਦੇ ਹਨ | ਉੱਥੇ ਮੱਲ ਮੂਤਰ ਨਾਲ ਸੜਕਾਂ ਖਰਾਬ ਕਰ ਰਹੇ ਹਨ | ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ | ਸੜਕਾਂ 'ਤੇ ਚੱਲਦੇ ਸਮੇਂ ਇਹ ਭੇਡਾਂ ਕਈ ਵਾਰ ਸੜਕ ਦੇ ਦੂਸਰੇ ਪਾਸੇ ਵੱਲ ਨੂੰ ਭੱਜਦਿਆਂ ਰਾਹਗੀਰਾਂ ਦੇ ਵਹੀਕਲਾਂ ਵਿਚ ਵੱਜਦੀਆਂ ਹਨ | ਇਸ ਖੇਤਰ ਵਿਚ ਕੋਈ ਵੀ ਚਰਾਂਦ ਨਾ ਹੋਣ ਕਾਰਨ ਚਰਵਾਹੇ ਸੜਕਾਂ ਦੇ ਕਿਨਾਰੇ ਹੀ ਇਨਾਂ ਨੂੰ ਚਾਰਦੇ ਹਨ | ਇਹ ਭੇਡਾਂ ਦੇ ਵੱਗ ਪੇਂਡੂ ਸੜਕਾਂ 'ਤੇ ਘੁੰਮਦੇ ਸਮੇਂ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਦੇ ਹਨ | ਜਿਸ ਵੱਲ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ |