ਸੜੋਆ, 19 ਫਰਵਰੀ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਸਰਕਾਰ ਬਣੀ ਨੂੰ ਲਗਪਗ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ | ਸਰਕਾਰ ਵਲੋਂ ਪਿੰਡਾਂ 'ਚ ਗੰਦੇ ਪਾਣੀ ਵਾਲੇ ਛੱਪੜਾਂ ਨੂੰ ਨਵੀਨੀਕਰਨ ਅਤੇ ਸਾਫ਼ ਸਫ਼ਾਈ ਕਰਾਉਣ ਲਈ ਤਰ੍ਹਾਂ-ਤਰ੍ਹਾਂ ਦੇ ਬਿਆਨ ਦਾਗੇ ਗਏ ਸੀ | ਸੜੋਆ ਦਾ ਗੰਦੇ ਪਾਣੀ ਵਾਲਾ ਛੱਪੜ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੂਟੀ ਤੇ ਗੰਦਗੀ ਨਾਲ ਭਰਿਆ ਹੋਣ ਕਰਕੇ ਪਿੰਡ ਵਾਸੀਆਂ ਵਲੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ | ਇਸ ਬਾਰੇ ਗੱਲਬਾਤ ਕਰਦਿਆਂ ਸਮਾਜ ਸੇਵੀ ਚੌਧਰੀ ਸੁਖਵਿੰਦਰ ਸਿੰਘ ਤੇ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਹੁਣੀ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਛੱਪੜ ਦਾ ਅਕਾਰ ਵੱਡਾ ਹੋਣ ਕਰਕੇ ਸਾਰੇ ਪਿੰਡ ਦਾ ਪਾਣੀ ਇਸ ਛੱਪੜ 'ਚ ਪੈਂਦਾ ਹੈ | ਆਲੇ ਦੁਆਲੇ ਦੇ ਘਰਾਂ ਵਾਲਿਆਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ | ਇਸ ਛੱਪੜ ਦੀ ਸਾਫ਼-ਸਫ਼ਾਈ ਲਈ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਛੱਪੜ 'ਚੋਂ ਬੂਟੀ ਕਢਵਾਉਣ ਤੇ ਸਫਾਈ ਕਰਾਉਣ ਲਈ ਸੋਚਿਆ ਤੱਕ ਨਹੀਂ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਵੇਲੇ ਨਾ ਮਾਤਰ ਸਫਾਈ ਕੀਤੀ ਗਈ | ਉਸ ਤੋਂ ਬਾਅਦ ਵਿਭਾਗ ਵਲੋਂ ਇਸ ਛੱਪੜ ਦੇ ਕੋਲੋਂ ਅੱਖਾਂ ਬੰਦ ਕਰ ਲੰਘ ਜਾਂਦੇ ਹਨ | ਜਦ ਕਿ ਪਿਛਲੀ ਪੰਚਾਇਤ ਵਲੋਂ ਛੱਪੜ ਦੇ ਕਿਨਾਰੇ ਸੀਮਿੰਟ ਦੇ ਪਾਈਪ ਕਈ ਸਾਲਾਂ ਤੋਂ ਸੁੱਟੇ ਹੋਏ ਹਨ ਨਾ ਤਾਂ ਪੰਚਾਇਤ ਵਲੋਂ ਧਿਆਨ ਦਿੱਤਾ ਗਿਆ ਅਤੇ ਨਾ ਹੀ ਸਬੰਧਤ ਵਿਭਾਗ ਨੇ ਇਨ੍ਹਾਂ ਪਾਈਪਾਂ ਨੂੰ ਕਿਸੇ ਥਾਂ 'ਤੇ ਰਖਾਉਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਛੱਪੜ ਦਾ ਸਾਰਾ ਗੰਦਾ ਪਾਣੀ ਪਿੱਛੇ ਵੱਲ ਮੁੜ ਜਾਂਦਾ ਹੈ ਤੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਵੜ ਜਾਂਦਾ ਹੈ | ਅਕਾਲੀ ਸਰਕਾਰ ਵਲੋਂ ਪਿੰਡ ਦੇ ਆਲੇ ਦੁਆਲੇ ਜੋ ਸੀਵਰੇਜ ਦੀਆਂ ਪਾਈਪਾਂ ਪਾਈਆਂ ਸਨ ਉਹ ਛੋਟੀਆਂ ਹੋਣ ਕਰਕੇ ਪਾਣੀ ਪੂਰੀ ਤਰ੍ਹਾਂ ਨਾਲ ਨਹੀਂ ਜਾ ਰਿਹਾ ਹੈ | ਸਮਾਜ ਸੇਵੀਆਂ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਛੱਪੜ ਵਿੱਚ ਉੱਗੀ ਬੂਟੀ ਕਢਾਈ ਜਾਵੇ ਨਾਲ ਹੀ ਸਫ਼ਾਈ ਕਰਾਉਣ ਲਈ ਉਚੇਚੇ ਪ੍ਰਬੰਧ ਕੀਤੇ ਜਾਣ |