ਨਵਾਂਸ਼ਹਿਰ, 28 ਫਰਵਰੀ (ਸ. ਰ.)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਸ.ਬੀ.ਆਈ ਕਾਰਡ ਅਤੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਮੁਫ਼ਤ ਹੈਲਥ ਕੈਂਪ ਲਗਾਇਆ ਗਿਆ ਜਿਸ 'ਚ 49 ਔਰਤਾਂ ਦਾ ਮੁਫ਼ਤ ਆਈ ਸਕੈਨ ਬ੍ਰੈਸਟ ਟੈਸਟ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਸਹੀ ਸਮੇਂ ਉੱਤੇ ਬਿਮਾਰੀਆਂ ਦਾ ਪਤਾ ਲੱਗ ਜਾਣ ਅਤੇ ਇਲਾਜ ਸ਼ੁਰੂ ਹੋ ਜਾਣ ਨਾਲ ਕੀਮਤੀ ਮਨੁੱਖੀ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ | ਇਸ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਸਿਹਤ ਕੈਂਪ ਲਗਾਇਆ ਗਿਆ ਜਿਸ ਵਿੱਚ 334 ਵਿਅਕਤੀਆਂ ਦੇ ਟੈਸਟ ਕੀਤੇ ਗਏ | ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਰਜਿਸਟ੍ਰੇਸ਼ਨ ਕਰਨ ਉਪਰੰਤ ਮੈਮੋਗ੍ਰਾਫੀ, ਪਾਪ ਸਮਿਅਰ, ਪੀ. ਐੱਸ. ਏ, ਬੋਨ ਟੈਸਟ, ਓਰਲ ਸਕ੍ਰੀਨਿੰਗ, ਅੱਖਾਂ ਦੀ ਜਾਂਚ ਆਦਿ ਸਮੇਤ ਬੀ.ਪੀ ਅਤੇ ਸ਼ੂਗਰ ਦਾ ਟੈਸਟ ਕੀਤਾ ਗਿਆ | ਇਸ ਮੌਕੇ 'ਤੇ ਲੋਕਾਂ ਨੂੰ ਬੀਮਾਰੀਆਂ ਤੋਂ ਰੋਕਥਾਮ ਸਬੰਧੀ ਜਾਣੂੰ ਕਰਵਾਇਆ ਗਿਆ | ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ ਵੱਲੋਂ ਕੈਂਪ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਵੱਲੋਂ ਆਈ ਟੀਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਟੀਮ ਨੂੰ ਸਨਮਾਨਿਤ ਕੀਤਾ ਗਿਆ |