ਔੜ, 28 ਫਰਵਰੀ (ਗੁਰਨਾਮ ਸਿੰਘ ਸੈਣੀ)-ਸੜਕਾਂ ਉੱਤੇ ਦੌੜਦੇ ਓਵਰਲੋਡ ਟਰੱਕ ਅਤੇ ਟਰੈਕਟਰ-ਟਰਾਲੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਉੱਥੇ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਬੱਬ ਵੀ ਬਣੇ ਹੋਏ ਹਨ | ਲੇਕਿਨ ਟੈ੍ਰਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਅਜਿਹੇ ਵਾਹਨਾਂ ਨੂੰ ਰੋਕਣ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਿਹਾ ਹੈ | ਹਾਲਾਂਕਿ ਸਾਰੇ ਹੀ ਪੰਜਾਬ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰਾਂ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਟੈ੍ਰਫਿਕ ਨੂੰ ਬਹਾਲ ਰੱਖਣ ਅਤੇ ਹਾਦਸਿਆਂ ਦੇ ਮੱਦੇਨਜ਼ਰ ਵੱਡੇ ਵਾਹਨਾਂ ਦੇ ਸ਼ਹਿਰ ਅੰਦਰ ਪ੍ਰਵੇਸ਼ ਕਰਨ ਉੱਤੇ ਰੋਕ ਲਾਉਂਦਿਆਂ ਬਾਈਪਾਸ ਥਾਈਾ ਲੰਘਣ ਦੇ ਹੁਕਮ ਵੀ ਕੀਤੇ ਹੋਏ ਹਨ ਪਰ ਇਹ ਹੁਕਮ ਮਹਿਜ਼ ਇੱਕ ਕਾਗਜ਼ੀ ਖਾਨਾਪੂਰਤੀ ਅਤੇ ਰੂਟੀਨ ਵਿਚ ਜਾਰੀ ਕੀਤੇ ਹੀ ਸਾਬਤ ਹੋ ਰਹੇ ਹਨ | ਜਿਕਰਯੋਗ ਹੈ ਕਿ ਸੜਕਾਂ ਉੱਤੇ ਬਿਨਾਂ ਕਿਸੇ ਰੋਕ ਟੋਕ ਦੇ ਓਵਰਲੋਡ ਟਰੱਕ ਅਤੇ ਟਰੈਕਟਰ-ਟਰਾਲੀਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਭਾਰੀ ਵਾਹਨ, ਖੁਲੇ੍ਹਆਮ ਸੜਕਾਂ ਉੱਤੇ ਇਧਰ-ਉਧਰ ਦੌੜੇ ਫਿਰਦੇ ਆਮ ਨਜ਼ਰ ਆਉਦੇ ਹਨ ਜਿਨ੍ਹਾਂ ਨੂੰ ਪਾਸ ਕਰਨ ਮੌਕੇ ਛੋਟੇ ਦੋ ਪਹੀਆ ਵਾਹਨ, ਕਾਰਾਂ ਅਤੇ ਬੱਸਾਂ ਆਦਿ ਦੇ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਕਈ ਵਾਰ ਓਵਰਲੋਡ ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਜਾਂ ਟਰੱਕ ਜਦੋਂ ਪਿੰਡਾਂ ਜਾਂ ਸ਼ਹਿਰਾਂ ਵਿਚੋਂ ਲੰਘਦੇ ਹਨ ਤਾਂ ਪਿੱਛੋਂ ਆ ਰਹੇ ਵਾਹਨ ਨੂੰ ਅੱਗੇ ਲੰਘਣ ਲਈ ਜਦੋਂ ਸਾਇਡ ਨਹੀ ਮਿਲਦੀ ਤਾਂ ਉਸ ਵਕਤ ਅੱਗੇ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਇਸ ਲਈ ਟਰਾਂਸਪੋਰਟ ਵਿਭਾਗ ਨੂੰ ਓਵਰ ਲੋਡ ਵਾਹਨਾਂ ਉਪਰ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਣ ਦੀ ਲੋੜ ਹੈ |