ਮੁਕੰਦਪੁਰ, 1 ਮਾਰਚ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀਂ ਨਿਊ ਗੰਗਸਰ ਕਲੱਬ ਜੈਤੋਂ ਜ਼ਿਲ੍ਹਾ ਫਰੀਦਕੋਟ ਵਲੋਂ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਸੈਂਕੜੇ ਵੈਟਰਨ ਐਥਲੀਟਾਂ ਨੇ ਭਾਗ ਲਿਆ | ਇਸ ਦੌਰਾਨ ਅਥਲੈਟਿਕਸ ਦੇ ਖੇਤਰ 'ਚ ਬਹੁਤ ਵੱਡਾ ਨਾਮਣਾ ਖੱਟ ਚੁੱਕੀ ਕਲੇਰ ਅਥਲੈਟਿਕ ਅਕੈਡਮੀ ਸਰਹਾਲ ਕਾਜੀਆਂ ਦੇ ਵੈਟਰਨ ਐਥਲੀਟਾਂ ਵਲੋਂ ਭਾਗ ਲੈ ਕੇ 6 ਸੋਨ ਤਗਮੇ ਜਿੱਤ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ | ਇਸ ਦੌਰਾਨ ਅਕੈਡਮੀ ਦੇ ਸੰਚਾਲਕ ਰਬਿੰਦਰ ਸਿੰਘ ਕਲੇਰ ਨੇ 75 ਸਾਲ ਉਮਰ ਵਰਗ ਮੁਕਾਬਲੇ ਦਰਮਿਆਨ 5 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਤਮਗੇ ਜਿੱਤੇ | ਅਕੈਡਮੀ ਦੇ ਮਹਿੰਦਰ ਸਿੰਘ ਧਨੋਆ ਨੇ ਵੀ 75 ਸਾਲ ਉਮਰ ਵਰਗ ਦੌਰਾਨ 3 ਹਜ਼ਾਰ ਮੀਟਰ ਪੈਦਲ ਚਾਲ ਅਤੇ 800 ਮੀਟਰ ਦੌੜ ਵਿਚੋਂ 2 ਸੋਨੇ ਦੇ ਤਗਮੇ ਅਤੇ ਅਕੈਡਮੀ ਦੇ ਤੀਸਰੇ ਵੈਟਰਨ ਐਥਲੀਟ ਹਰ ਕਿਸ਼ਨ ਸਿੰਘ ਨੇ 65 ਸਾਲ ਉਮਰ ਵਰਗ ਮੁਕਾਬਲੇ 'ਚ ਲੰਬੀ ਛਾਲ ਅਤੇ 100 ਮੀਟਰ ਦੌੜ ਵਿਚ 2 ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਇਸ ਵੱਡੀ ਪ੍ਰਾਪਤੀ 'ਤੇ ਕਲੇਰ ਅਕੈਡਮੀ ਦੇ ਸਾਰੇ ਅਥਲੀਟਾਂ ਨੂੰ ਇਲਾਕੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ |