ਬਲਾਚੌਰ, 1 ਮਾਰਚ (ਨਰੇਸ਼ ਧੌਲ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਤੇ ਗੈਂਗਸਟਰ ਕਲਚਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਬਲਾਚੌਰ ਦੇ ਉਪ ਕਪਤਾਨ ਪੁਲਿਸ ਡੀ.ਐੱਸ.ਪੀ. ਹੇਮੰਤ ਮਲਹੋਤਰਾ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਨਗਰ ਕੌਂਸਲ, ਵਪਾਰ ਮੰਡਲ ਯੂਨੀਅਨ, ਆੜ੍ਹਤ ਐਸੋਸੀਏਸ਼ਨ, ਸਬਜ਼ੀ ਮੰਡੀ ਬਲਾਚੌਰ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਡੀ. ਐੱਸ. ਪੀ. ਮਲਹੋਤਰਾ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਆਮ ਜਨਤਾ ਦਾ ਸਾਥ ਬਹੁਤ ਜ਼ਰੂਰੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂਅ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਗ਼ਲਤੀ ਨਾਲ ਨਸ਼ਿਆਂ ਦੇ ਰਾਹ ਪੈ ਚੁੱਕੇ ਹਨ, ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਹਨ, ਤਾਂ ਪੁਲਿਸ ਉਨ੍ਹਾਂ ਦੀ ਦੁਸ਼ਮਣ ਨਹੀਂ ਸਗੋਂ ਮਦਦਗਾਰ ਬਣੇਗੀ | ਮੀਟਿੰਗ ਵਿਚ ਹਾਜ਼ਰ ਵਪਾਰ ਮੰਡਲ ਯੂਨੀਅਨ ਦੇ ਪ੍ਰਧਾਨ ਰਜਨੀਸ਼ ਨਾਗਪਾਲ ਨੇ ਸ਼ਹਿਰ ਦੀਆਂ ਹੋਰ ਮੁਸ਼ਕਲਾਂ ਵੱਲ ਵੀ ਧਿਆਨ ਦਿਵਾਇਆ | ਉਨ੍ਹਾਂ ਬਾਜ਼ਾਰਾਂ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਤੇ ਪੁਲਿਸ ਨੂੰ ਇਨ੍ਹਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਜਨੀਸ਼ ਨਾਗਪਾਲ, ਉਪ ਪ੍ਰਧਾਨ ਰਿੱਕੀ ਬਜਾਜ, ਆੜ੍ਹਤ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਨਈਅਰ, ਹਰੀਸ਼ ਅਰੋੜਾ, ਨੰਦ ਲਾਲ, ਰੋਹਿਤ ਸੋਨੀ, ਰਕੇਸ਼ ਕੁਮਾਰ ਤੇ ਹੋਰ ਹਾਜ਼ਰ ਸਨ |