ਬਲਾਚੌਰ, 1 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਸੰਤ ਬਾਬਾ ਉਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਵਿਖੇ ਸੰਤ ਬਾਬਾ ਉਅੰਕਾਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ 44ਵਾਂ ਮੁਫ਼ਤ ਅੱਖਾਂ ਦੀ ਜਾਂਚ ਤੇ ਲੈਂਜ ਪਾਉਣ ਲਈ ਕੈਂਪ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਵਿਚ ਆਈ ਸਰਜਨ ਡਾ. ਦਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸੇਵਾ ਨਿਭਾਈ | ਇਸ ਤੋਂ ਪਹਿਲਾਂ ਕੈਂਪ ਦੇ ਉਦਘਾਟਨ ਦੀ ਰਸਮ ਗੁਰਦੁਆਰਾ ਡੇਰਾ ਕਰਤਾਰਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ, ਸ਼ਿਵਾਲਕ ਹੋਟਲ ਦੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਸ਼ਿਵਾਲਿਕ ਤੇ ਡਾਕਟਰ ਸਾਹਿਬ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਇਸ ਮੌਕੇ ਅਜਮੇਰ ਸਿੰਘ ਉਲੱਦਣੀ, ਸਮਾਜ ਸੇਵੀ ਮਹਿੰਦਰਪਾਲ ਸਿੰਘ ਜਲਵਾਹਾ, ਬਲਬੀਰ ਸਿੰਘ ਉਲੱਦਣੀ, ਨਿਰਮੈਲ ਸਿੰਘ ਥਾਂਦੀ ਤੇ ਹੋਰ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ | ਸਮਾਜ ਸੇਵੀ ਮਹਿੰਦਰਪਾਲ ਸਿੰਘ ਜਲਵਾਹਾ ਨੇ ਦੱਸਿਆ ਕਿ ਕੈਂਪ ਦੀ ਓ.ਪੀ.ਡੀ. ਵਿਚ 322 ਮਰੀਜਾਂ ਨੇ ਅੱਖਾਂ ਦੀ ਜਾਂਚ ਕਰਵਾਈ ਅਤੇ ਲੈਂਜ ਲਈ 107 ਮਰੀਜਾਂ ਦੀ ਚੋਣ ਕੀਤੀ ਗਈ |