ਕਟਾਰੀਆਂ, 1 ਮਾਰਚ (ਪ੍ਰੇਮੀ ਸੰਧਵਾਂ)-ਸਾਬਕਾ ਕਬੱਡੀ ਖਿਡਾਰੀ ਕੁਲਵੰਤ ਸਿੰਘ ਕਾਂਤਾ ਕੰਦੋਲਾ, ਕਬੱਡੀ ਦਾ ਸਾਬਕਾ ਪ੍ਰਸਿੱਧ ਰੇਡਰ ਸਤਨਾਮ ਸ਼ਾਮਾ ਤੇ ਕਿਸਾਨ ਆਗੂ ਜਥੇ. ਦਵਿੰਦਰ ਸਿੰਘ ਗੋਗੀ ਸੰਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੌਤ ਰੂਪੀ ਘੁਣ ਨੇ ਨੌਜਵਾਨਾਂ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ-ਵੱਡੇ ਉਪਰਾਲੇ ਕਰਦੀਆਂ ਹਨ, ਪਰ ਪੰਜਾਬ ਦੀ ਜਵਾਨੀ ਦੇ ਵੈਰੀਆਂ ਵਲੋਂ ਫੇਰ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਹਰ ਤਰ੍ਹਾਂ ਦੀ ਲੁਕਵੀਂ ਚਾਲ ਖੇਡੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਆਪਣਾ ਵੀ ਫਰਜ ਬਣਦਾ ਹੈ ਕਿ ਉਹ ਨਸ਼ਿਆਂ ਦੇ ਮੌਤ ਰੂਪ ਖੂਹ ਵਿਚ ਝਾਤੀ ਮਾਰਨ ਤੋਂ ਗੁਰੇਜ ਕਰਨ, ਕਿਉਂਕਿ ਖੇਡਾਂ ਹੀ ਨੌਜਵਾਨਾਂ ਨੂੰ ਤੰਦਰੁਸਤੀ ਤੇ ਚੰਗੇ ਰਾਹਾਂ ਵੱਲ ਤੋਰਦੀਆਂ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚੀ ਰੱਖਣ | ਇਸ ਮੌਕੇ ਸੈਕਟਰੀ ਫਰਿੰਦਰ ਹੀਰਾ, ਜਸਵੀਰ ਸ਼ੀਰਾ, ਲੱਡੂ ਸੰਧੂ, ਮਨਜੀਤ ਸਿੰਘ ਟਾਂਡੀ ਤੇ ਜਥੇ. ਦਵਿੰਦਰ ਸਿੰਘ ਗੋਗੀ ਸੰਧੂ ਆਦਿ ਹਾਜ਼ਰ ਸਨ |