ਬਹਿਰਾਮ, 1 ਮਾਰਚ (ਸਰਬਜੀਤ ਸਿੰਘ ਰਾਣਾ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਤੋਂ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ 'ਚ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਜ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾਵੇਗੀ | ਇਸ ਸਬੰਧੀ ਗੁਰਦੁਆਰਾ ਗੁਰਪਲਾਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਗੁਰਪਲਾਹ ਸਾਹਿਬ ਤੋਂ ਆਰੰਭ ਹੋਵੇਗਾ, ਜੋ ਪਿੰਡ ਸਰਹਾਲਾ ਰਾਣੂੰਆਂ, ਚੱਕ ਮਾਈਦਾਸ, ਚੱਕ ਗੁਰੂ, ਤਲਵੰਡੀ ਜੱਟਾਂ, ਚੱਕ ਰਾਮੂੰ, ਭਰੋਮਜਾਰਾ ਰਾਣੂੰਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਪੰਜ ਟਾਹਲੀਆਂ ਸਾਹਿਬ ਪਹੁੰਚ ਕੇ ਸੰਪੂਰਨ ਹੋਵੇਗਾ | ਨਗਰ ਕੀਰਤਨ 'ਚ ਭਾਈ ਫ਼ੌਜਾਂ ਸਿੰਘ ਫ਼ਕੀਰ ਦੇ ਢਾਡੀ ਜਥੇ ਵੱਲੋਂ ਗੁਰੂ ਜਸ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | 3 ਤੇ 4 ਮਾਰਚ ਨੂੰ ਗੁਰਦੁਆਰਾ ਗੁਰਪਲਾਹ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ, ਕੀਰਤਨੀ, ਢਾਡੀ, ਕਵੀਸ਼ਰੀ ਜਥੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |