ਬੰਗਾ, 28 ਅਪ੍ਰੈਲ (ਧਰਮਵੀਰ ਪਾਲ)-ਸਿੱਖ ਮਿਸ਼ਨਰੀ ਕਾਲਜ ਵਲੋਂ ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਪ੍ਰੀਖਿਆ ਤਿੰਨ ਗਰੁੱਪਾਂ ਵਿੱਚ ਕਰਵਾਈ ਗਈ, ਜ਼ੀਰੋ ਗਰੁੱਪ ਵਿੱਚ ਨਰਸਰੀ ਤੋਂ ਦੂਜੀ ਤੱਕ ਦੇ ਵਿਦਿਆਰਥੀ, ਪਹਿਲੇ ਗਰੁੱਪ ਵਿੱਚ ਤੀਸਰੀ ਤੋਂ ਪੰਜਵੀ ਦੇ ਵਿਦਿਆਰਥੀ ਅਤੇ ਦੂਜੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀ ਅਤੇ ਤੀਸਰੇ ਗਰੁੱਪ ਵਿੱਚ ਨੌਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਪ੍ਰੀਖਿਆਵਾਂ ਦਾ ਮਕਸਦ ਵਿਦਿਆਰਥੀਆਂ ਨੂੰ ਬਾਣੀ ਅਤੇ ਧਾਰਮਿਕ ਵਿਚਾਰਾਂ ਨਾਲ ਜੋੜਨਾ ਸੀ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਬੱਚਿਆਂ ਨੂੰ ਬਾਣੀ ਅਤੇ ਧਾਰਮਿਕ ਸੋਚ ਨਾਲ ਜੋੜਦੀਆਂ ਹਨ | ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਦਾ ਮਕਸਦ ਬੱਚਿਆਂ ਦਾ ਦਿਮਾਗੀ ਵਿਕਾਸ ਕਰਨਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਜੇ ਸ਼ਰਮਾ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਪ੍ਰੀਖਿਆ ਵਿੱਚ ਭਾਗ ਲੈਣ ਲਈ ਪ੍ਰੇਰਤ ਕੀਤਾ | ਇਸ ਮੌਕੇ ਬੱਚੇ ਤੇ ਸਕੂਲ ਸਟਾਫ਼ ਹਾਜ਼ਰ ਸੀ |