ਨਵਾਂਸ਼ਹਿਰ, 28 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੀ. ਏ. ਯੂ. ਦੇ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਅਟਾਰੀ ਜ਼ੋਨ-1 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਸੋਨਾ ਵਿਖੇ ਜੀਵਨਸ਼ੈਲੀ ਦੀਆਂ ਬਿਮਾਰੀਆਂ ਲਈ ਖੁਰਾਕ ਪ੍ਰਬੰਧਨ ਵਿਸ਼ੇ 'ਤੇ ਇਕ ਦਿਨਾ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਕੁੱਲ 15 ਸਿਖਿਆਰਥੀਆਂ ਨੇ ਭਾਗ ਲਿਆ | ਕੇ. ਵੀ. ਕੇ. ਦੇ ਡਿਪਟੀ ਡਾਇਰੈਕਟਰ ਸਿਖਲਾਈ ਡਾ. ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਰੇਣੂ ਬਾਲਾ ਡੈਮੋਨਸਟ੍ਰੇਟਰ ਗ੍ਰਹਿ ਵਿਗਿਆਨ ਨੇ ਕਿ੍ਸ਼ੀ ਵਿਗਿਆਨ ਕੇਂਦਰ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਕਿਵੇਂ ਰਚਨਾਤਮਕ ਫੂਡ ਪ੍ਰੋਸੈਸਿੰਗ ਅਤੇ ਟਿਕਾਊ ਅਭਿਆਸ, ਮਹਿਲਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਐਸ.ਐਚ.ਜੀ ਨੂੰ ਛੋਟੇ ਪੱਧਰ ਦੇ ਉੱਦਮ ਸ਼ੁਰੂ ਕਰਨ ਲਈ ਸ਼ਕਤੀਸ਼ਾਲੀ ਬਣਾ ਸਕਦੇ ਹਨ | ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਸਿਹਤਮੰਦ ਜੀਵਨਸ਼ੈਲੀ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਨੇ ਕੁਪੋਸ਼ਣ ਅਤੇ ਜੀਵਨਸ਼ੈਲੀ ਦੇ ਵਿਗਾੜਾਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ਬਾਰੇ ਜਾਗਰੂਕ ਕੀਤਾ | ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਹਰ ਘਰ ਵਿੱਚ ਘਰੇਲੂ ਬਗੀਚੀ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜ਼ੀਆਂ ਪ੍ਰਾਪਤ ਹੋ ਸਕਣ | ਉਨ੍ਹਾਂ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਵੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ |