ਸੜੋਆ, 29 ਅਪ੍ਰੈਲ (ਹਰਮੇਲ ਸਹੂੰਗੜਾ)-ਖੇਤੀਬਾੜੀ ਭਵਨ ਸੜੌਆ ਵਿਖੇ ਬਲਾਕ ਦੇ ਸਮੂਹ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਅਤੇ ਕਿਸਾਨਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਝੋਨੇ ਦੇ ਬੂਟਿਆਂ ਦਾ ਮਧਰਾਪਨ ਰਹਿਣਾ ਇੱਕ ਵਿਸ਼ਾਣੂ ਰੋਗ ਹੈ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ | ਇਹ ਰੋਗ ਚਿੱਟੀ ਪਿੱਠ ਵਾਲੇ ਟਿੱਡੇ ਰਾਂਹੀ ਫੈਲਦਾ ਹੈ ਅਤੇ ਝੋਨੇ ਦੀਆਂ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ | ਝੋਨੇ ਦੀ ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ | ਉਨਾਂ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਇਨਪੁਟਸ ਵੇਚਣ ਵੇਲੇ ਹਰ ਕਿਸਾਨ ਨੂੰ ਬਿੱਲ ਕੱਟ ਕੇ ਦਿੱਤੇ ਜਾਣ ਤੇ ਨਾਲ ਹੀ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਖਾਦਾਂ ਅਤੇ ਦਵਾਈਆਂ ਵੇਚੀਆਂ ਜਾਣ, ਨਾਲ ਹੀ ਡੀਲਰਾਂ ਨੂੰ ਸੁਝਾਅ ਦਿੱਤਾ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਫਸਲ ਉੱਤੇ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਸਪ੍ਰੈਅ ਕਰਨ ਲਈ ਨਾ ਦੇਣ ਕਿਉਂਕਿ ਇਨਾਂ ਜਹਿਰਾਂ ਨਾਲ ਚਿੱਟੀ ਪਿੱਠ ਵਾਲੇ ਅਤੇ ਭੂਰੇ ਟਿੱਡਿਆਂ ਦੀ ਗਿਣਤੀ ਵੱਧ ਜਾਂਦੀ ਹੈ | ਇਸ ਲਈ ਝੋਨੇ ਦੀ ਫ਼ਸਲ ਉੱਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਜੋਰ ਦਿੱਤਾ ਅਤੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਵੀ ਅਪੀਲ ਕੀਤੀ | ਡਾ. ਨੀਤਨ ਖੇਤੀਬਾੜੀ ਅਫਸਰ ਸੜੌਆ ਨੇ ਕਿਹਾ ਕਿ ਕਿਸਾਨਾਂ ਨੂੰ ਗਾਇਡ ਕਰਨਾ ਚਾਹੀਦਾ ਹੈ ਕਿ ਝੋਨੇ ਵਿੱਚ ਯੂਰੀਆ ਖਾਦ ਪਨੀਰੀ ਲਾਉਣ ਤੋਂ ਕੇਵਲ 84 ਦਿਨਾਂ ਦੇ ਅੰਦਰ-ਅੰਦਰ ਹੀ ਪਾਉਣੀ ਚਾਹੀਦੀ ਹੈ, ਕਿਉਂਕਿ ਇਸ ਤੋਂ ਬਾਅਦ ਪਾਈ ਯੂਰੀਆ ਪੌਦੇ ਲਈ ਸਹਾਈ ਸਿੱਧ ਨਹੀਂ ਹੁੰਦੀ, ਇਹ ਬੂਟੇ ਵਿੱਚ ਦਾਣਿਆਂ ਦੀ ਸਮਰੱਥਾ ਨਹੀਂ ਵਧਾਉਂਦੀ ਤੇ ਹਾਨੀਕਾਰਕ ਕੀੜਿਆਂ ਜਿਵੇਂ ਕਿ ਤੇਲਾ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਅਤੇ ਧਰਤੀ ਅਤੇ ਵਾਤਾਵਰਣ ਵਿੱਚ ਜਹਿਰਾਂ ਦੀ ਮਾਤਰਾ ਵਧਦੀ ਹੈ | ਇਸ ਮੀਟਿੰਗ ਵਿੱਚ ਆਏ ਡਾ. ਅਸ਼ਵਿੰਦਰ ਕੁਮਾਰ ਏ. ਸੀ. ਡੀ. ਓ. ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨਾਲ ਕਮਾਦ ਦੀ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ ਤੇ ਕਿਹਾ ਕਿ ਮੋਢੀ ਫਸਲ ਵਿਚ ਅਗੇਤੀ ਫੋਟ ਦੇ ਗੜੂੰਏ ਅਤੇ ਕਾਲੇ ਖਟਮਲ ਦਾ ਹਮਲਾ ਵਧੇਰੇ ਹੁੰਦਾ ਹੈ, ਇਸ ਦੀ ਰੋਕਥਾਮ ਸਮੇਂ ਸਿਰ ਸ਼ਿਫਾਰਿਸ਼ ਅਨੁਸਾਰ ਕਰੋ | ਇਸ ਦੇ ਨਾਲ ਹੀ ਕਿਹਾ ਕਿ ਫਸਲ ਨੂੰ ਨਦੀਨਾਂ ਤੋਂ ਸਾਫ਼ ਰੱਖੋ | ਡਾ. ਗੁਰਪ੍ਰੀਤ ਸਿੰਘ ਖੇਤੀ ਵਿਕਾਸ ਅਫ਼ਸਰ ਨੇ ਸੀ.ਡੀ.ਪੀ. ਸਕੀਮ ਤਹਿਤ ਮੱਕੀ ਨੂੰ ਉਤਸਾਹਿਤ ਕਰਨ ਲਈ ਜਾਣਕਾਰੀ ਸਾਂਝੀ ਕੀਤੀ | ਸੁਰਿੰਦਰ ਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖਾਦਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਵਰਤੀ ਗਈ ਜੈਵਿਕ ਖਾਦ ਦੇ ਅਨੁਪਾਤ ਅਨੁਸਾਰ ਰਸਾਇਣਕ ਖਾਦਾਂ ਦੀ ਬਚਤ ਕਰਨੀ ਚਾਹੀਦੀ ਹੈ | ਅੰਤ ਵਿਚ ਜਸਵੰਤ ਸਿੰਘ ਭੱਠਲ ਨੇ ਆਏ ਕਿਸਾਨਾਂ ਅਤੇ ਡੀਲਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਕਿਸਾਨ ਹਿੱਤ ਵਿੱਚ ਅਤੇ ਵਿਭਾਗ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰਨਗੇ | ਇਸ ਮੌਕੇ ਰਜਿੰਦਰਪਾਲ, ਵਰਿੰਦਰ ਪਾਲ ਖੇਤੀਵਾੜੀ ਵਿਸਥਾਰ ਅਫਸਰ, ਹਰਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਬਲਾਕ ਦੇ ਸਮੂਹ ਖਾਦ, ਬੀਜ, ਦਵਾਈਆਂ ਦੇ ਡੀਲਰ ਮੱਖਣ ਸਿੰਘ ਮੰਡੇਰ, ਠਾਕੁਰ ਬਲਵੀਰ ਸਿੰਘ, ਰਾਜ ਮਜਾਰੀ, ਤਰਸੇਮ ਸਿੰਘ ਦਿਆਲਾ, ਦੀਪਕ ਚਣਕੋਆ, ਜਰਨੈਲ ਸਿੰਘ ਮਜਾਰੀ, ਪਰਮਜੀਤ ਸਿੰਘ ਬਿਛੋੜੀ ਤੇ ਹੋਰ ਹਾਜ਼ਰ ਸਨ |