ਮਜਾਰੀ/ਸਾਹਿਬਾ, 29 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਲਾਇਬ੍ਰੇਰੀ, ਪਿੰਡ ਗੁਲਪੁਰ (ਬਲਾਚੌਰ) ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਪ੍ਰਧਾਨਗੀ ਕਸ਼ਮੀਰ ਸਿੰਘ ਸਰਪੰਚ ਵਲੋਂ ਕੀਤੀ ਗਈ | ਇਸ ਮੌਕੇ 'ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਅਤੇ ਪੰਜਾਬ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਦੱਸਿਆ | ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਨਸ਼ੇ ਦੀ ਆਦਤ ਬਹੁਤ ਹੀ ਭਿਆਨਕ ਹੈ | ਕਈ ਵਾਰ ਛੋਟੇ ਬੱਚੇ ਵੀ ਅਣਜਾਣਤਾ ਵਿੱਚ ਆ ਕੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੰਬਾਕੂ ਦੀ ਵਰਤੋਂ ਕਰਨ ਲੱਗ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ | ਇਸ ਦੇ ਨਾਲ ਬੱਚੇ ਹੌਲੀ-ਹੌਲੀ ਛੋਟੇ ਨਸ਼ਿਆਂ ਤੋਂ ਵੱਡੇ ਹੈਰੋਇਨ ਵਰਗੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਦੇ ਹਨ | ਨਸ਼ੇ ਦੀ ਵਰਤੋਂ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਂਦਾ ਹੈ, ਅਤੇ ਵਿਅਕਤੀ ਦਾ ਬੌਧਿਕ ਵਿਕਾਸ ਰੁੱਕ ਜਾਦਾ ਹੈ | ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਬਾਰੇ ਵਿਸਥਾਰਪੂਰਵਕ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਆਪ ਹੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਤਾਂ ਕਿ ਬੱਚੇ ਮਾੜੀ ਸੰਗਤ ਵਿੱਚ ਰਲ ਕੇ ਨਸ਼ੇ ਦੇ ਆਦੀ ਨਾ ਹੋਣ | ਇਸ ਮੌਕੇ ਸ਼੍ਰੀਮਤੀ ਪਰਵੇਸ਼ ਕੁਮਾਰੀ (ਪੀ.ਆਰ ਐਜੂਕੇਟਰ) ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਮਰੀਜਾਂ ਦੇ ਮੁਫਤ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ | ਕਸ਼ਮੀਰ ਸਿੰਘ (ਸਰਪੰਚ) ਨੇ ਰੈੱਡ ਕਰਾਸ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੀਮਤੀ ਅਮਰਜੀਤ, ਸਨੇਹ ਲਤਾ, ਚਮਨ ਲਾਲ, ਜਸਵੀਰ ਕੌਰ, ਜਸਵਿੰਦਰ ਕੌਰ ਪੰਚ, ਜਸਵੀਰ ਕੌਰ ਪੰਚ, ਮਹਿੰਦਰ ਕੌਰ ਪੰਚ, ਸੁਨੀਤਾ, ਯੁੱਧਵੀਰ ਸਿੰਘ, ਗੁਰਿੰਦਰ ਸਿੰਘ, ਪਿੰਡ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ |