ਬੰਗਾ, 30 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੀ.ਆਰ. ਐੱਮ. ਸਕੀਮ ਤਹਿਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਸੁੱਜੋਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ ਨੇ ਦੱਸਿਆ ਕਿ ਅੱਗ ਨਾਲ ਕਣਕ ਅਤੇ ਕਣਕ ਦਾ ਨਾੜ ਸੜਨ ਨਾਲ ਕਿਸਾਨਾਂ ਦਾ ਜਿੱਥੇ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਧੂੰਏ ਕਾਰਨ ਐਕਸੀਡੈਂਟ ਤੇ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ | ਖੇਤਾਂ ਤੇ ਸੜਕਾਂ ਕਿਨਾਰੇ ਲੱਗੇ ਰੁੱਖ ਸੜ ਜਾਂਦੇ ਹਨ | ਵੱਡੀ ਪੱਧਰ 'ਤੇ ਫੈਲੀ ਅੱਗ ਕਾਬੂ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਸ ਲਈ ਪ੍ਰਸਾਸ਼ਨ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਹੈ, ਜਿਸ ਕਾਰਨ ਸਖ਼ਤ ਕਨੂੰਨੀ ਕਾਰਵਾਈ ਹੋਵੇਗੀ | ਸਾਰੇ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਸੁਰਿੰਦਰ ਪਾਲ ਸਿੰਘ ਖੇਤੀ ਵਿਸਥਾਰ ਅਫਸਰ ਨੇ ਵਿਭਾਗੀ ਸਕੀਮ ਫ਼ਸਲੀ ਵਿਭਿੰਨਤਾ ਤਹਿਤ ਝੋਨੇ ਦੀ ਥਾਂ 'ਤੇ ਮੱਕੀ ਲਾਉਣ ਵਾਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ | ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਬਾਰੇ ਜਾਣਕਾਰੀ ਦਿੱਤੀ | ਵਿਰਕਮ ਸਿੰਘ ਖੇਤੀ ਵਿਸਥਾਰ ਅਫਸਰ ਨੇ ਪੀ. ਐੱਮ. ਕਿਸਾਨ ਯੋਜਨਾ ਅਤੇ ਐਗਰੀ ਸਟੈਕ ਕਿਸਾਨ ਆਈ. ਡੀ. ਦੀ ਮਹੱਤਤਾ ਬਾਰੇ ਦੱਸਿਆ ਅਤੇ 40 ਕਿਸਾਨ ਆਈ. ਡੀ ਬਣਾਈਆਂ ਗਈਆਂ | ਇਸ ਮੌਕੇ ਸੰਦੀਪ ਗੰਗੜ ਏ. ਟੀ. ਐੱਮ ਤੋਂ ਇਲਾਵਾ ਸਕੱਤਰ ਗੁਰਦੇਵ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ ਤੇ ਹੋਰ ਹਾਜ਼ਰ ਸਨ |