13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਣਸੁਖਾਵੀਂ ਘਟਨਾ ਤੋਂ ਬਚਣ ਲਈ ਖੁੱਲ੍ਹੇ ਬੋਰਵੈਲਾਂ ਨੂੰ ਢੱਕ ਕੇ ਰੱਖਿਆ ਜਾਵੇ- ਪਠਲਾਵਾ ਸੰਸਥਾ

ਅਜੀਤ ਡੈਸਕ 01-05-2026
ਬੰਗਾ, 30 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਇਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟਾਂ ਤੋਂ ਇਲਾਵਾ ਕੁਝ ਜਨ ਹਿੱਤ 'ਚ ਵਿਚਾਰੇ ਜਾਣ ਵਾਲੇ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ | ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ.ਕੇ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਆਦਿ ਨੇ ਕਿਹਾ ਕਿ ਕਣਕ ਦੀ ਕਟਾਈ ਦਾ ਸੀਜ਼ਨ ਲਗਪਗ ਖਤਮ ਹੋ ਚੁੱਕਾ ਹੈ | ਬਿਹਾਰ ਅਤੇ ਯੂ. ਪੀ. ਤੋਂ ਰੋਜ਼ੀ ਰੋਟੀ ਲਈ ਪਰਿਵਾਰਾਂ ਸਮੇਤ ਆਏ ਪ੍ਰਵਾਸੀ ਮਜ਼ਦੂਰ ਕਿਸਾਨਾਂ ਦੀਆਂ ਮੋਟਰਾਂ 'ਤੇ ਜ਼ਿੰਦਗੀ ਬਸਰ ਕਰ ਰਹੇ ਹਨ | ਇਨ੍ਹਾਂ ਹਾਲਤਾਂ ਵਿਚ ਇਹ ਪ੍ਰਵਾਸੀ ਮਜ਼ਦੂਰ ਕੰਮਾਂ ਕਾਰਾਂ ਲਈ ਨਿਕਲ ਜਾਂਦੇ ਹਨ | ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਅਕਸਰ ਇਧਰ ਉਧਰ ਘੁੰਮਦੇ ਰਹਿੰਦੇ ਹਨ | ਇਸ ਲਈ ਜੇਕਰ ਆਲੇ ਦੁਆਲੇ ਕੋਈ ਬੋਰਵੈੱਲ ਨੰਗਾ ਪਿਆ ਹੈ ਤਾਂ ਇਸ ਤੋਂ ਪਹਿਲਾਂ ਕਿ ਕੋਈ ਅਣਸੁਖਾਵੀਂ ਘਟਨਾ ਘਟ ਜਾਵੇ ਤੁਰੰਤ ਇਸਨੂੰ ਰੇਤ ਦੀ ਬੋਰੀ ਜਾਂ ਕਿਸੇ ਹੋਰ ਭਾਰੀ ਚੀਜ਼ ਨਾਲ ਢੱਕ ਦੇਣਾ ਚਾਹੀਦਾ ਹੈ | ਪਿਛਲੇ ਸਮਿਆਂ ਵਿੱਚ ਬੱਚਿਆਂ ਦੇ ਇਨ੍ਹਾਂ ਬੋਰਵੈਲ ਵਿੱਚ ਡਿਗ ਕੇ ਮਰਨ ਦੀਆਂ ਘਟਨਾਵਾਂ ਬਹੁਤ ਵਾਪਰ ਚੁੱਕੀਆਂ ਹਨ | ਇਸ ਕੰਮ ਵਿੱਚ ਕੀਤੀ ਦੇਰੀ ਅਤੇ ਲਾਪਰਵਾਹੀ ਵੱਡੇ ਜਾਨੀ ਨੁਕਸਾਨ ਨੂੰ ਅੰਜਾਮ ਦੇ ਸਕਦੀ ਹੈ | ਇਸ ਲਈ ਕਿਸਾਨ ਭਰਾਵਾਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਖੁਲ੍ਹੇ ਬੋਰਵੈਲਾਂ ਨੂੰ ਨੰਗਾ ਨਾ ਰੱਖਿਆ ਜਾਵੇ | ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਬਲਿਕ ਹਿੱਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ | ਮੀਟਿੰਗ ਵਿਚ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ, ਪਰਵਿੰਦਰ ਸਿੰਘ ਰਾਣਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਪੋਸੀ, ਰਮੇਸ਼ ਕੁਮਾਰ ਪਠਲਾਵਾ, ਡਾਕਟਰ ਕੁਲਦੀਪ ਰਾਜ ਬੰਗਾ, ਪ੍ਰੈਸ ਸਕੱਤਰ ਜੀ ਚੰਨੀ ਪਠਲਾਵਾ, ਸੁਰਿੰਦਰ ਸਿੰਘ ਕਰਮ ਤੇ ਆਤਮਾ ਸਿੰਘ ਸੂਰਾਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਚੱਕਗੁਰੂ ਤੋਂ ਡੇਰਾ ਭਰੋਮਜਾਰਾ ਤੱਕ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਕੁਲਥਮ-ਸਰਹਾਲਾ ਰਾਣੂੰਆਂ ਸੜਕ ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।